ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (DSGMC) ਦੀਆਂ ਚੋਣਾਂ ਐਤਵਾਰ ਨੂੰ ਅਮਨ-ਅਮਾਨ ਨਾਲ ਨੇਪਰੇ ਚੜ ਗਈਆਂ । ਐਤਵਾਰ ਨੂੰ 46 ਵਾਰਡਾਂ ਲਈ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਾਂ ਪਾਈਆਂ ਗਈਆਂ । ਇਨ੍ਹਾਂ ਚੋਣਾਂ ਲਈ 312 ਉਮੀਦਵਾਰ ਕਿਸਮਤ ਅਜ਼ਮਾ ਰਹੇ ਹਨ, ਜਿਹਨਾਂ ‘ਚ 132 ਆਜ਼ਾਦ ਉਮੀਦਵਾਰ ਹਨ। ਇਸ ਵਾਰ ਇਨ੍ਹਾਂ ਚੋਣਾਂ ਲਈ ਵੋਟਰਾਂ ਦਾ ਉਤਸ਼ਾਹ ਔਸਤ ਤੋਂ ਵੀ ਘੱਟ ਰਿਹਾ।
ਸ਼ੁਰੂਆਤੀ ਰਿਪੋਰਟ ਅਨੁਸਾਰ 1,27,472 ਵੋਟਾਂ ਪੋਲ ਕੀਤੀਆਂ ਗਈਆਂ ਹਨ, ਜਿਹੜਾ ਕਿ ਕੁੱਲ ਵੋਟਾਂ ਦਾ ਕਰੀਬ 37% ਬਣਦਾ ਹੈ। ਸਭ ਤੋਂ ਵੱਧ ਵੋਟਿੰਗ ਪੰਜਾਬੀ ਬਾਗ ਤੋਂ ਹੋਈ ਹੈ, ਇੱਥੋਂ 54.10% ਵੋਟਰਾਂ ਨੇ ਕਮੇਟੀ ਚੋਣਾਂ ਲਈ ਆਪਣੇ ਵੋਟ ਅਧਿਕਾਰ ਦੀ ਵਰਤੋਂ ਕੀਤੀ।
ਸਭ ਤੋਂ ਘੱਟ ਵੋਟਿੰਗ ਸ਼ਿਆਮ ਨਗਰ ਤੋਂ ਦਰਜ ਕੀਤੀ ਗਈ, ਜਿੱਥੋਂ ਸਿਰਫ਼ 25.18% ਵੋਟਰਾਂ ਨੇ ਹੀ ਵੋਟਾਂ ਪਾਈਆਂ।
ਇਸ ਵਾਰ ਡੀ.ਐਸ.ਜੀ.ਐਮ.ਸੀ. ਚੋਣਾਂ ਲਈ ਕੁੱਲ 3 ਲੱਖ 45 ਹਜ਼ਾਰ 65 ਵੋਟਰ ਰਜਿਸਟਰਡ ਸਨ।
ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਬੋਰਡ ਦੇ ਅੰਕੜਿਆਂ ਮੁਤਾਬਕ ਵੋਟਰਾਂ ਨੇ 546 ਪੋਲਿੰਗ ਬੂਥਾਂ ‘ਤੇ ਆਪਣੇ ਵੋਟਿੰਗ ਅਧਿਕਾਰਾਂ ਦੀ ਵਰਤੋਂ ਕੀਤੀ। ਚੋਣ ਬੋਰਡ ਵੱਲੋਂ 46 ਵਾਰਡਾਂ ਲਈ 23 ਨਿਗਰਾਨ ਨਿਯੁਕਤ ਕੀਤੇ ਗਏ ਸਨ।
ਇਸ ਵਾਰ ਮੁਕਾਬਲਾ ਬਹੁਕੋਣੀ ਹੋਇਆ ਹੈ । ਮੁੱਖ ਮੁਕਾਬਲਾ ਸੱਤਾਧਾਰੀ ਧਿਰ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ (ਦਿੱਲੀ) ਤੇ ਸਾਥੀਆਂ, ਪੰਥਕ ਸੇਵਾ ਦਲ ਅਤੇ ਜਾਗੋ ਪਾਰਟੀ ਦਰਮਿਆਨ ਰਿਹਾ। ਚੋਣ ਨਤੀਜੇ 25 ਅਗਸਤ (ਬੁੱਧਵਾਰ) ਨੂੰ ਐਲਾਨੇ ਜਾਣਗੇ।