ਨਵੀਂ ਦਿੱਲੀ (ਦਵਿੰਦਰ ਸਿੰਘ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਰੋਨਾ ਕਾਲ ‘ਚ ਆਰਥਿਕ ਸੰਕਟ ‘ਚ ਘਿਰੇ ਸਿੱਖ ਪਰਿਵਾਰਾਂ ਲਈ ਵੱਡੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਹੈ। ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਕੋਰੋਨਾ ਕਾਲ ‘ਚ ਜਿਹੜੇ ਰਾਗੀ, ਢਾਡੀ, ਕੀਰਤਨੀਏ ਜਾਂ ਗ੍ਰੰਥੀ ਸਿੰਘਾਂ ਨੇ ਆਪਣਾ ਰੁਜ਼ਗਾਰ ਗਵਾਇਆ ਹੈ, ਸਿੰਘ ਸਭਾਵਾਂ ਦੀ ਸਿਫਾਰਸ਼ ‘ਤੇ ਉਹਨਾਂ ਦੀ ਲੋੜ ਅਨੁਸਾਰ ਆਰਥਿਕ ਮਦਦ ਕੀਤੀ ਜਾਵੇਗੀ ਤੇ ਉਹਨਾਂ ਨੂੰ ਲੰਗਰ ਲਈ ਰਸਦ ਵੀ ਪ੍ਰਦਾਨ ਕੀਤੀ ਜਾਵੇਗੀ।
ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਜਿਹੜੇ ਸਿੱਖ ਬੱਚਿਆਂ ਦੇ ਸਿਰ ਤੋਂ ਪਿਓ ਦਾ ਸਾਇਆ ਕੋਰੋਨਾ ਕਾਲ ‘ਚ ਉਠ ਗਿਆ ਹੈ, ਇਹਨਾਂ ਬੱਚਿਆਂ ਨੂੰ ਕਮੇਟੀ ਦੇ ਸਕੂਲਾਂ ‘ਚ 12ਵੀਂ ਤੱਕ ਮੁਫਤ ਵਿਦਿਆ ਪ੍ਰਦਾਨ ਕੀਤੀ ਜਾਵੇਗੀ। ਅਜਿਹੇ ਬੱਚੇ ਜੇਕਰ ਦੂਜੇ ਸਕੂਲਾਂ ਤੋਂ ਕਮੇਟੀ ਦੇ ਸਕੂਲਾਂ ‘ਚ ਸ਼ਿਫਟ ਹੋਣਗੇ ਤਾਂ ਉਹਨਾਂ ਨੂੰ ਵੀ ਮੁਫਤ ਵਿਦਿਆ ਪ੍ਰਦਾਨ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਕੋਰੋਨਾ ਨਾਲ ਜਿਹੜੇ ਸਿੱਖ ਵਿਦਿਆਰਥੀਆਂ ਦੇ ਸਿਰ ਤੋਂ ਪਿਓ ਦਾ ਸਾਇਆ ਉਠ ਗਿਆ ਹੈ ਤੇ ਉਹ ਕਾਲਜਾਂ ‘ਚ ਪੜਨਾ ਚਾਹੁੰਦੇ ਹਨ, ਇਹਨਾਂ ਬੱਚਿਆਂ ਨੂੰ ਦਿੱਲੀ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਕਮੇਟੀ ਦੇ ਕਾਲਜਾਂ ‘ਚ ਮੁਫਤ ਵਿਦਿਆ ਪ੍ਰਦਾਨ ਕੀਤੀ ਜਾਵੇਗੀ ਤੇ ਇਹਨਾਂ ਦੀ ਫੀਸ ਕਮੇਟੀ ਆਪ ਭਰੇਗੀ।
ਸਿਰਸਾ ਤੇ ਕਾਲਕਾ ਨੇ ਦੱਸਿਆ ਕਿ ਕੋਰੋਨਾ ਨਾਲ ਜਿਹੜੇ ਜ਼ਰੂਰਤਮੰਦ ਸਿੱਖ ਪਰਿਵਾਰਾਂ ਦੇ ਮੁਖੀਆ ਦਾ ਅਕਾਲ ਚਲਾਣਾ ਕਰ ਗਏ ਹਨ, ਉਹਨਾਂ ਨੂੰ 2500 ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਵੇਗੀ।
ਉਹਨਾਂ ਦੱਸਿਆ ਕਿ ਕੋਰੋਨਾ ਨਾਲ ਜਿਹੜੀਆਂ ਸਿੱਖ ਧੀਆਂ ਦੇ ਸਿਰ ਤੋਂ ਪਿਓ ਦਾ ਸਾਇਆ ਉਠ ਗਿਆ ਅਤੇ ਇਹ ਧੀਆਂ ਵਿਆਹੁਣ ਯੋਗ ਹਨ ਤਾਂ ਫਿਰ ਕਮੇਟੀ ਵੱਲੋਂ ਇਹਨਾਂ ਨੂੰ 21 ਹਜ਼ਾਰ ਰੁਪਏ ਸ਼ਗਨ ਦਿੱਤਾ ਜਾਵੇਗਾ ਤੇ ਗੁਰਦੁਆਰਾ ਸਾਹਿਬ ‘ਚ ਇਹਨਾਂ ਦੇ ਆਨੰਦ ਕਾਰਜ ਦਾ ਪ੍ਰਬੰਧ ਵੀ ਕਮੇਟੀ ਕਰੇਗੀ।
ਉਹਨਾਂ ਕਿਹਾ ਕਿ ਅਸੀਂ ਯਕੀਨੀ ਬਣਾਵਾਂਗੇ ਕਿ ਦਿੱਲੀ ‘ਚ ਕਿਸੇ ਵੀ ਸਿੱਖ ਪਰਿਵਾਰ ਦਾ ਬੱਚਾ ਵਿਦਿਆ ਤੋਂ ਵਾਂਝਾ ਨਾ ਰਹੇ, ਕੋਈ ਧੀ ਵਿਆਹੁਣ ਤੋਂ ਨਾਂ ਰਹਿ ਜਾਵੇ ਤੇ ਕੋਈ ਵੀ ਰਾਗੀ, ਢਾਡੀ, ਕੀਰਤਨੀਆ ਜਾਂ ਗ੍ਰੰਥੀ ਆਰਥਿਕ ਸੰਕਟ ਨਾਲ ਨਾ ਜੂਝੇ।
ਉਹਨਾਂ ਇਹ ਵੀ ਐਲਾਨ ਕੀਤਾ ਕਿ ਕਮੇਟੀ ਵੱਲੋਂ ਜਿਹੜਾ 125 ਬੈਡਾਂ ਦਾ ਹਸਪਤਾਲ ਤਿਆਰ ਕੀਤਾ ਜਾ ਰਿਹਾ ਹੈ, ਸਿੰਘ ਸਭਾਵਾਂ ਵੱਲੋਂ ਮਰੀਜ਼ ਦੀ ਸਿਫਾਰਸ਼ ਕਰਨ ‘ਤੇ ਉਸ ਨੂੰ ਇਲਾਜ ਵਾਸਤੇ 50 ਫੀਸਦੀ ਰਿਆਇਤ ਦਿੱਤੀ ਜਾਵੇਗੀ ਅਤੇ ਅਜਿਹੇ ਮਰੀਜ਼ ਦੇ ਐਮਆਰਆਈ ਤੇ ਸੀਟੀ ਸਕੈਨ ਮੁਫਤ ਹੋਣਗੇ।