ਪਟਿਆਲਾ: ਪੰਜਾਬੀ ਸਾਹਿਤ ਜਗਤ ਦੀ ਉਘੀ ਹਸਤੀ ਦਲੀਪ ਕੌਰ ਟਿਵਾਣਾ ਦਾ ਦਿਹਾਂਤ ਹੋ ਗਿਆ ਹੈ। ਪਦਮਸ਼੍ਰੀ ਅਤੇ ਸਾਹਿਤ ਅਕਾਡਮੀ ਇਨਾਮਾਂ ਦੇ ਹਾਸਿਲ ਦਲੀਪ ਕੌਰ ਟਿਵਾਣਾ ਠੰਢ ਲੱਗਣ ਕਾਰਨ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ ਤੇ ਮੋਹਾਲੀ ਦੇ ਮੈਕਸ ਹਸਪਤਾਲ ‘ਚ ਜੇਰੇ ਇਲਾਜ ਸਨ।
ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਪਹਿਲਾਂ ਪਟਿਆਲੇ ਉਨ੍ਹਾਂ ਦੀ ਪੰਜਾਬੀ ਯੂਨੀਵਰਸਿਟੀ ਵਿੱਚ ਰਿਹਾਇਸ਼ ਬੀ-12 ਵਿਚ ਲਿਜਾਇਆ ਜਾਵੇਗਾ ਤੇ ਕੱਲ ਯਾਨੀ ਸ਼ਨੀਵਾਰ ਨੂੰ 2 ਵਜੇ ਉਨ੍ਹਾਂ ਦਾ ਸਸਕਾਰ ਕੀਤਾ ਜਾਵੇਗਾ।
84 ਸਾਲਾ ਦੇ ਦਲੀਪ ਕੌਰ ਟਿਵਾਣਾ ਪਦਮ ਸ੍ਰੀ ਤੇ ਸਾਹਿਤ ਅਕਾਦਮੀ ਐਵਾਰਡ ਜੇਤੂ ਲੇਖਕ ਸਨ ਉਨ੍ਹਾਂ ਦੀਆਂ ਲਿਖਤਾਂ ਹਮੇਸ਼ਾ ਸਮਾਜਿਕ ਸਾਰੋਕਾਰਾਂ ਨੂੰ ਉਜਾਗਰ ਕਰਦੀਆਂ ਰਹੀਆਂ ਹਨ।
ਦਲੀਪ ਕੌਰ ਟਿਵਾਣਾ ਅਜੋਕੇ ਪੰਜਾਬੀ ਸਾਹਿਤ ਦੀ ਸਰਵੋਤਮ ਨਾਵਲਕਾਰ ਤੇ ਨਿੱਕੀ ਕਹਾਣੀ ਦੀ ਲੇਖਿਕਾ ਸਨ। ਉਸ ਨੇ ਜ਼ਿਆਦਾਤਰ ਮਜ਼ਲੂਮ ਔਰਤਾਂ ਦੀ ਮਾਨਸਿਕਤਾ ਅਤੇ ਉਹਨਾਂ ਦੇ ਸਮਾਜ ਵਿੱਚ ਨੀਵੇਂ ਦਰਜੇ ਦੀ ਹਾਲਤ ਬਾਰੇ ਲਿਖਿਆ ਹੈ। ਉਸ ਦੇ ਨਾਵਲਾਂ ਦੀਆਂ ਕੁਝ ਔਰਤਾਂ ਪੜ੍ਹੀਆਂ-ਲਿਖੀਆਂ ਜਾਂ ਆਰਥਿਕ ਤੌਰ ‘ਤੇ ਮਜ਼ਬੂਤ ਹੋਣ ਦੇ ਬਾਵਜੂਦ ਵੀ ਮਨੁੱਖਤਾ ਵਿੱਚ ਬਰਾਬਰੀ ਦਾ ਇਜ਼ਹਾਰ ਨਹੀਂ ਕਰ ਸਕੀਆਂ, ਨਾ ਹੀ ਉਹ ਇੱਕ ਡਰ ਥੱਲੇ ਰਹਿ ਕੇ ਪਰਿਵਾਰ ਤੇ ਸਮਾਜ ਵਿੱਚ ਬਰਾਬਰੀ ਦਾ ਦਾਅਵਾ ਕਰਦੀਆਂ ਹਨ।
ਪੰਜਾਬ ਯੂਨੀਵਰਸਿਟੀ ਤੋਂ ਉਨ੍ਹਾਂ ਨੇ ਐਮ.ਏ ਪੰਜਾਬੀ ਕੀਤੀ ਅਤੇ ਯੂਨੀਵਰਸਿਟੀ ਵਿੱਚ ਪੰਜਾਬੀ ਦੀ ਪੀ.ਐਚ.ਡੀ. ਕਰਨ ਵਾਲੀ ਉਹ ਪਹਿਲੀ ਮਹਿਲਾ ਸਨ।