ਲੁਧਿਆਣਾ: ਅੱਜ ਮੰਗਲਵਾਰ ਨੂੰ ਲੁਧਿਆਣਾ ਦੇ ਅਜਨੌਦ ਪੁਲ ਨੇੜੇ ਇੱਕ ਸਵਿਫਟ ਕਾਰ ਨਹਿਰ ਵਿੱਚ ਡਿੱਗਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਰਮਜੀਤ ਸਿੰਘ (32 ਸਾਲ) ਵਜੋਂ ਹੋਈ, ਜੋ ਸਮਰਾਲਾ ਦੇ ਪਿੰਡ ਘੁਲਾਲ ਦਾ ਵਸਨੀਕ ਸੀ।
ਪਰਮਜੀਤ ਸਵੇਰੇ ਲੁਧਿਆਣਾ ਤੋਂ ਸਮਰਾਲਾ ਵੱਲ ਜਾ ਰਿਹਾ ਸੀ। ਭਾਰੀ ਮੀਂਹ ਕਾਰਨ ਸੜਕ ‘ਤੇ ਫਿਸਲਣ ਸੀ, ਜਿਸ ਕਾਰਨ ਅਜਨੌਦ ਨਹਿਰ ਦੇ ਪੁਲ ਨੇੜੇ ਕਾਰ ਦਾ ਸੰਤੁਲਨ ਵਿਗੜ ਗਿਆ। ਕਾਰ ਨੇ ਰੇਲਿੰਗ ਪਾਰ ਕਰ ਕੇ ਨਹਿਰ ਵਿੱਚ ਜਾ ਡਿੱਗੀ। ਲਗਾਤਾਰ ਮੀਂਹ ਨੇ ਰਾਹਤ ਕਾਰਜਾਂ ਨੂੰ ਮੁਸ਼ਕਲ ਬਣਾਇਆ। ਸਥਾਨਕ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।
ਕਰੀਬ ਇੱਕ ਘੰਟੇ ਦੀ ਮਸ਼ੱਕਤ ਤੋਂ ਬਾਅਦ ਕਰੇਨ ਦੀ ਮਦਦ ਨਾਲ ਕਾਰ ਨੂੰ ਨਹਿਰ ‘ਚੋਂ ਕੱਢਿਆ ਗਿਆ, ਪਰ ਪਰਮਜੀਤ ਨੂੰ ਬਚਾਇਆ ਨਹੀਂ ਜਾ ਸਕਿਆ। ਜਾਂਚ ਅਧਿਕਾਰੀ ਏਐਸਆਈ ਲਖਵਿੰਦਰ ਸਿੰਘ ਮੁਤਾਬਕ, ਮੁੱਢਲੀ ਜਾਂਚ ਵਿੱਚ ਤੇਜ਼ ਰਫਤਾਰ ਨੂੰ ਹਾਦਸੇ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ।
ਸੇਬ ਨਾਲ ਭਰਿਆ ਟਰੱਕ ਸ਼ੇਰਪੁਰ ਚੌਕ ਨੇੜੇ ਪਲਟਿਆ
ਉੱਥੇ ਹੀ ਦੂਜੇ ਪਾਸੇ ਲੁਧਿਆਣਾ ਦੇ ਸ਼ੇਰਪੁਰ ਚੌਕ ਫਲਾਈਓਵਰ ਨੇੜੇ ਸੇਬ ਨਾਲ ਭਰਿਆ ਇੱਕ ਟਰੱਕ ਪਲਟ ਗਿਆ। ਹਾਦਸੇ ਕਾਰਨ ਟਰੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਹਾਈਵੇਅ ‘ਤੇ ਸੇਬ ਦੀਆਂ ਪੇਟੀਆਂ ਖਿਲਰਨ ਨਾਲ ਲੰਮਾ ਜਾਮ ਲੱਗ ਗਿਆ।
ਰਾਹਗੀਰਾਂ ਨੇ ਤੁਰੰਤ ਟਰੱਕ ਵਿੱਚ ਫਸੇ ਡਰਾਈਵਰ ਅਤੇ ਕੰਡਕਟਰ ਨੂੰ ਬਾਹਰ ਕੱਢਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ। ਟਰੈਫਿਕ ਪੁਲਿਸ ਮੌਕੇ ‘ਤੇ ਪਹੁੰਚੀ, ਟਰੈਫਿਕ ਨੂੰ ਸੁਚਾਰੂ ਕੀਤਾ ਅਤੇ ਸੇਬ ਦੀਆਂ ਪੇਟੀਆਂ ਨੂੰ ਸੁਰੱਖਿਅਤ ਥਾਂ ‘ਤੇ ਰਖਵਾਇਆ।
ਟਰੱਕ ਦੇ ਡਰਾਈਵਰ ਜਾਵੇਦ ਆਲਮ ਨੇ ਦੱਸਿਆ ਕਿ ਉਹ ਸ੍ਰੀਨਗਰ ਤੋਂ ਸੇਬ ਨਾਲ ਟਰੱਕ ਭਰ ਕੇ ਮੱਧ ਪ੍ਰਦੇਸ਼ ਡਿਲੀਵਰੀ ਲਈ ਜਾ ਰਿਹਾ ਸੀ। ਸ਼ੇਰਪੁਰ ਚੌਕ ਨੇੜੇ ਸਵੇਰੇ ਅਚਾਨਕ ਦੋ ਵਿਅਕਤੀ ਸੜਕ ਪਾਰ ਕਰ ਰਹੇ ਸਨ। ਉਹ ਅਚਾਨਕ ਟਰੱਕ ਦੇ ਅੱਗੇ ਆ ਗਏ। ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਟਰੱਕ ਡਿਵਾਈਡਰ ਨਾਲ ਟਕਰਾ ਕੇ ਪਲਟ ਗਿਆ।