ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਚੋਣਾਂ ਦੀ ਗਿਣਤੀ ਦੇ ਤਿੰਨ ਦਿਨ ਬੀਤਣ ਤੋਂ ਬਾਅਦ ਵੀ ਜਿੱਤ ਅਤੇ ਹਾਰ ਸਾਫ ਨਹੀਂ ਹੋ ਸਕੀ। ਰਾਸ਼ਟਰਪਤੀ ਟਰੰਪ ਆਪਣੀ ਹਾਰ ਮੰਨਣ ਨੂੰ ਤਿਆਰ ਨਹੀਂ ਹਨ ਅਤੇ ਕਾਊਂਟਿੰਗ ਨੂੰ ਰੋਕਣ ਦੀ ਲਗਾਤਾਰ ਅਪੀਲ ਕਰ ਰਹੇ ਹਨ। ਹਾਲਾਂਕਿ ਬਾਇਡਨ ਲਗਾਤਾਰ ਇਹ ਦਾਅਵਾ ਕਰ ਰਹੇ ਹਨ ਕਿ ਉਹ ਅਮਰੀਕੀ ਚੋਣਾਂ ਜਿੱਤ ਗਏ ਹਨ। ਇਸ ਵਿਚਾਲੇ ਰਾਸ਼ਟਰਪਤੀ ਟਰੰਪ ਨੇ ਇੱਕ ਵਾਰ ਮੁੜ ਤੋਂ ਚੋਣਾਂ ਵਿੱਚ ਧਾਂਦਲੀ ਦੇ ਇਲਜ਼ਾਮ ਲਗਾਏ ਹਨ। ਟਰੰਪ ਨੂੰ ਉਮੀਦ ਸੀ ਕਿ ਤਿੰਨ ਸੂਬਿਆਂ ਵਿੱਚ ਉਨ੍ਹਾਂ ਨੂੰ ਮੇਲ ਇਨ ਬੈਲੇਟ ਰਾਹੀਂ ਵੱਡੀ ਲੀਡ ਮਿਲ ਸਕਦੀ ਹੈ। ਪਰ ਜਿਵੇਂ ਹੀ ਮੇਲ ਇਨ ਬੈਲੇਟ ਦੀ ਗਿਣਤੀ ਸ਼ੁਰੂ ਹੋਈ ਤਾਂ ਟਰੰਪ ਨੂੰ ਮਿਲੀਆਂ ਵੋਟਾਂ ਦੀ ਗਿਣਤੀ ਵੀ ਘਟਦੀ ਜਾ ਰਹੀ ਹੈ।
ਪਰ ਟਰੰਪ ਨੇ ਇੱਕ ਵਾਰ ਮੁੜ ਕੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਦਾਅਵਾ ਕੀਤਾ ਕਿ ਵੈਧ ਮੱਤਾਂ ਦੀ ਗਿਣਤੀ ਦੇ ਹਿਸਾਬ ਨਾਲ ਰਾਸ਼ਟਰਪਤੀ ਚੋਣ ਜਿੱਤ ਰਹੇ ਹਨ। ਹਾਲਾਂਕਿ ਇਸ ਦੇ ਪ੍ਰਮਾਣ ਕੀ ਹਨ ਇਸ ਦਾ ਟਰੰਪ ਨੇ ਕੋਈ ਜ਼ਿਕਰ ਨਹੀਂ ਕੀਤਾ।
ਅਮਰੀਕੀ ਮੀਡੀਆ ਅਨੁਸਾਰ ਜੋ ਬਾਇਡਨ 253 ਅਤੇ ਰਾਸ਼ਟਰਪਤੀ ਟਰੰਪ 214 ਇਲੈਕਟੋਰਲ ਵੋਟਾਂ ਹਾਸਲ ਕਰ ਚੁੱਕੇ ਹਨ। ਬਹੁਮਤ ਦੇ ਲਈ 270 ਇਲੈਕਟੋਰਲ ਵੋਟਾਂ ਚਾਹੀਦੀਆਂ ਹਨ। ਪ੍ਰੈੱਸ ਕਾਨਫਰੰਸ ਵਿੱਚ ਟਰੰਪ ਨੇ ਇੱਕ ਵਾਰ ਮੁੜ ਤੋਂ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਗ਼ੈਰਕਾਨੂੰਨੀ ਵੋਟਾਂ ਨਾਲ ਉਨ੍ਹਾਂ ਦੇ ਹੱਕ ਵਿੱਚ ਆਏ ਚੋਣ ਨਤੀਜਿਆਂ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਰਾਸ਼ਟਰਪਤੀ ਟਰੰਪ ਨੇ ਇੱਕ ਵਾਰ ਮੁੜ ਤੋਂ ਵੋਟਾਂ ਦੀ ਗਿਣਤੀ ‘ਤੇ ਰੋਕ ਲਗਾਉਣ ਦੀ ਅਪੀਲ ਕੀਤੀ ਹੈ।