ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਅਖੀਰਲੀ ਡਿਬੇਟ ‘ਚ ਡੋਨਲਡ ਟਰੰਪ ਨੇ ਭਾਰਤ ਅਤੇ ਰੂਸ ‘ਤੇ ਆਪਣੀ ਭੜਾਸ ਕੱਢੀ ਹੈ। ਟਰੰਪ ਨੇ ਦਾਅਵਾ ਕੀਤਾ ਕਿ ਭਾਰਤ, ਚੀਨ ਅਤੇ ਰੂਸ ਵਿਚ ਹਵਾ ਦੀ ਗੁਣਵੱਤਾ ਬਹੁਤ ਖ਼ਰਾਬ ਹੈ। ਇਹ ਦੇਸ਼ ਆਪਣੀ ਹਵਾ ਦਾ ਧਿਆਨ ਨਹੀਂ ਰੱਖਦੇ ਹਨ ਜਦਕਿ ਅਮਰੀਕਾ ਹਮੇਸ਼ਾਂ ਏਅਰ ਕੁਆਲਟੀ ਦਾ ਧਿਆਨ ਰੱਖਦਾ ਹੈ।
ਉਨ੍ਹਾਂ ਨੇ ਚੋਣਾਂ ਵਿੱਚ ਆਪਣੀ ਵਿਰੋਧੀ ਅਤੇ ਡੈਮੋਕਰੇਟਿਕ ਉਮੀਦਵਾਰ ਜੋ ਬਾਇਡਨ ਦੇ ਨਾਲ ਇਕ ਬਹਿਸ ਦੌਰਾਨ ਕਿਹਾ ਚੀਨ ਨੂੰ ਵੇਖੋ ਉੱਥੇ ਕਿੰਨੀ ਗੰਦੀ ਹਵਾ ਹੈ, ਰੂਸ ਨੂੰ ਵੇਖੋ, ਭਾਰਤ ਨੂੰ ਵੇਖੋ ਉਥੇ ਹਵਾ ਕਿੰਨੀ ਖਰਾਬ ਹੈ। ਮੈਂ ਪੈਰਿਸ ਸਮਝੌਤੇ ਤੋਂ ਬਾਹਰ ਇਸ ਲਈ ਚਲਾ ਗਿਆ ਕਿਉਂਕਿ ਸਾਨੂੰ ਖ਼ਰਬਾਂ ਡਾਲਰ ਕੱਢਣੇ ਸਨ ਸਾਡੇ ਨਾਲ ਬਹੁਤ ਗਲਤ ਵਰਤਾਓ ਕੀਤਾ ਗਿਆ।
ਟਰੰਪ ਨੇ ਕਿਹਾ ਪੈਰਿਸ ਸਮਝੌਤੇ ਦੀ ਵਜ੍ਹਾ ਕਾਰਨ ਮੈਂ ਲੱਖਾਂ ਨੌਕਰੀਆਂ ਤੇ ਹਜ਼ਾਰਾ ਕੰਪਨੀਆਂ ਦੀ ਕੁਰਬਾਨੀ ਨਹੀਂ ਦਵਾਂਗਾ। ਉਨ੍ਹਾਂ ਨੇ ਇਹ ਗੱਲਾਂ ਟੈਲੀਵਿਜ਼ਨ ‘ਤੇ ਦਿਖਾਈ ਗਈ ਡਿਬੇਟ ਵਿੱਚ ਕੀਤੀਆਂ। ਇਸ ਤੋਂ ਪਹਿਲਾਂ ਦੋਵੇਂ ਆਗੂਆਂ ਨੇ ਕੋਰੋਨਾ ਸੰਕਰਮਣ ਕਾਰਨ ਇਕ ਦੂਜੇ ਨਾਲ ਹੱਥ ਨਹੀਂ ਮਿਲਾਇਆ। ਡਿਬੇਟ ਸ਼ੁਰੂ ਹੋਣ ਤੋਂ ਪਹਿਲਾਂ ਦੋਵੇਂ ਉਮੀਦਵਾਰ ਗਰਮ ਜੋਸ਼ੀ ਨਾਲ ਹੱਥ ਮਿਲਾਉਂਦੇ ਰਹੇ ਹਨ।