ਚੰਡੀਗੜ੍ਹ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਜੀਵਨ ‘ਤੇ ਆਧਾਰਿਤ ਦਸਤਾਵੇਜ਼ੀ ਫਿਲਮ ‘ਦਿ ਕਿਲਿੰਗ ਕਾਲ’ ਦੇ ਮਾਮਲੇ ਵਿੱਚ ਸੁਣਵਾਈ ਹੋਈ। ਹਾਲਾਂਕਿ, ਅਦਾਲਤ ਨੇ ਹੁਣ ਮਾਮਲੇ ਦੀ ਅਗਲੀ ਸੁਣਵਾਈ 21 ਅਗਸਤ ਨੂੰ ਤੈਅ ਕੀਤੀ ਹੈ। ਬੀ.ਬੀ.ਸੀ. ਵਲੋਂ ਸੀਨੀਅਰ ਵਕੀਲ ਬਲਵੰਤ ਭਾਟੀਆ, ਐਂਕਰ ਇਸ਼ਲੀਨ ਕੌਰ ਤੇ ਅੰਕੁਰ ਜੈਨ ਵਲੋਂ ਐਡਵੋਕੇਟ ਗੁਰਦਾਸ ਸਿੰਘ ਮਾਨ ਪੇਸ਼ ਹੋਏ।
ਜ਼ਿਕਰਯੋਗ ਹੈ ਕਿ ਬੀਬੀਸੀ ਵੱਲੋਂ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਨੂੰ ਆਧਾਰ ਬਣਾ ਕੇ ਇੱਕ ਡੌਕਿਊਮੈਂਟਰੀ ਬਣਾਈ ਗਈ ਸੀ, ਜਿਸ ਨੂੰ ਯੂਕੇ ਤੋਂ ਜਾਰੀ ਕੀਤਾ ਗਿਆ। ਇਸ ਸਬੰਧ ਵਿੱਚ ਬੀਬੀਸੀ ਦੇ ਵਕੀਲ ਨੇ ਅਦਾਲਤ ਵਿੱਚ ਦਲੀਲ ਦਿੱਤੀ ਸੀ ਕਿ ਕਿਉਂਕਿ ਡੌਕਿਊਮੈਂਟਰੀ ਯੂਨਾਈਟਡ ਕਿੰਗਡਮ (UK) ਤੋਂ ਪ੍ਰਸਾਰਿਤ ਕੀਤੀ ਗਈ ਹੈ, ਇਸ ਲਈ ਭਾਰਤੀ ਕਾਨੂੰਨ ਇਸ ਉੱਤੇ ਲਾਗੂ ਨਹੀਂ ਹੁੰਦਾ।
ਬੀਬੀਸੀ ਦੇ ਵਕੀਲ ਵੱਲੋਂ ਇਹ ਵੀ ਕਿਹਾ ਗਿਆ ਕਿ ਡੌਕਿਊਮੈਂਟਰੀ ਦਾ ਸਿੱਧਾ ਕੋਈ ਲੀਗਲ ਪ੍ਰਭਾਵ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ’ਤੇ ਨਹੀਂ ਪੈਂਦਾ। ਅਦਾਲਤ ਨੇ ਪਹਿਲਾਂ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਆਪਣੇ ਪੱਖ ਵਿੱਚ ਜਵਾਬ ਪੇਸ਼ ਕਰਨ ਦੇ ਆਦੇਸ਼ ਦਿੱਤੇ ਸਨ, ਪਰ ਅੱਜ ਦੀ ਸੁਣਵਾਈ ਵਿੱਚ ਉਹ ਜਵਾਬ ਦਾਖਲ ਨਹੀਂ ਕਰ ਸਕੇ।
ਬੀਬੀਸੀ ਦੇ ਵਕੀਲ ਬਲਵੰਤ ਭਾਟੀਆ ਅਤੇ ਐਂਕਰ ਇਸ਼ਲੀਨ ਕੌਰ ਅਤੇ ਅੰਕੁਰ ਜੈਨ ਦੀ ਨੁਮਾਇੰਦਗੀ ਕਰ ਰਹੇ ਵਕੀਲ ਗੁਰਦਾਸ ਸਿੰਘ ਮਾਨ ਨੇ ਇਹ ਸਵਾਲ ਉਠਾਇਆ ਹੈ ਕਿ ਤੁਰੰਤ ਸਟੇਅ ਦਾ ਮੁੱਦਾ ਮੁੱਦਈ ਸਮੂਹ ਲਈ ਬਹੁਤ ਮਹੱਤਵਪੂਰਨ ਹੈ। ਜੇਕਰ ਮੁੱਦਈ ਸਮੂਹ ਕੇਸ ਨੂੰ ਦੇਰੀ ਨਾਲ ਕਰਨ ‘ਤੇ ਤੁਲਿਆ ਹੋਇਆ ਹੈ, ਤਾਂ ਇਹ ਸਪੱਸ਼ਟ ਹੈ ਕਿ ਮੁੱਦਈ ਸਮੂਹ ਵਿਰੋਧੀ ਸਮੂਹ ਨੂੰ ਪਰੇਸ਼ਾਨ ਕਰਨ ਤੋਂ ਇਲਾਵਾ ਕੁਝ ਨਹੀਂ ਕਰ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਅਗਲੀ ਤਰੀਕ ‘ਤੇ ਜਵਾਬ ਦਾਇਰ ਨਹੀਂ ਕੀਤਾ ਜਾਂਦਾ ਹੈ, ਤਾਂ ਉਹ ਅਦਾਲਤ ਨੂੰ ਕੇਸ ਖਾਰਜ ਕਰਨ ਦੀ ਬੇਨਤੀ ਕਰਨਗੇ।