ਅੰਮ੍ਰਿਤਸਰ : ਦਿੱਲੀ ਵਿੱਚ ਖੇਤੀ ਕਾਨੂੰਨ ਖ਼ਿਲਾਫ਼ ਚੱਲ ਰਹੇ ਅੰਦੋਲਨ ਨੂੰ ਹਰ ਇਕ ਵਰਗ ਦਾ ਸਾਥ ਮਿਲ ਰਿਹਾ ਹੈ। ਇਸ ਤਹਿਤ ਹੁਣ ਚੀਫ਼ ਖ਼ਾਲਸਾ ਦੀਵਾਨ ਵੀ ਕਿਸਾਨਾਂ ਦੇ ਹੱਕ ਵਿੱਚ ਨਿੱਤਰੀ ਹੈ। ਦਿੱਲੀ ਵਿਚ ਧਰਨੇ ‘ਤੇ ਬੈਠੇ ਕਿਸਾਨਾਂ ਦੀ ਸਿਹਤ ਸਹੂਲਤਾਂ ਦੇ ਮੱਦੇਨਜ਼ਰ ਚੀਫ਼ ਖ਼ਾਲਸਾ ਦੀਵਾਨ ਵੱਲੋਂ ਦਵਾਈਆਂ ਅਤੇ ਮੈਡੀਕਲ ਉਪਕਰਨ ਮੁਹੱਈਆ ਕਰਵਾਏ ਗਏ। ਇਸ ਨੂੰ ਦੇਖਦਿਆਂ ਚੀਫ਼ ਖ਼ਾਲਸਾ ਦੀਵਾਨ ਵੱਲੋਂ ਇੰਟਰਨੈਸ਼ਨਲ ਨਰਸਿੰਗ ਕਾਲਜ ਦੀ ਟੀਮ ਨੂੰ ਦਿੱਲੀ ਅੰਦੋਲਨ ਲਈ ਰਵਾਨਾ ਕੀਤਾ ਗਿਆ।
ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਵੱਲੋਂ ਇਹ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਵੱਡੀ ਗਿਣਤੀ ਦੇ ਵਿਚ ਦਿੱਲੀ ਦੇ ਅੰਦਰ ਕਿਸਾਨ ਧਰਨਾ ਦੇ ਰਹੇ ਹਨ ਜਿਨ੍ਹਾਂ ਵਿੱਚ ਬਜ਼ੁਰਗ ਮਹਿਲਾਵਾਂ, ਬੱਚੇ ਅਤੇ ਨੌਜਵਾਨ ਸ਼ਾਮਲ ਹਨ। ਇਨ੍ਹਾਂ ਅੰਦੋਲਨਕਾਰੀ ਕਿਸਾਨਾਂ ਨੂੰ ਕੜਾਕੇ ਦੀ ਠੰਢ ਦੇ ਨਾਲ-ਨਾਲ ਸਿਹਤ ਸਬੰਧੀ ਹੋਰ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅਜਿਹੇ ਸਮੇਂ ਉਨ੍ਹਾਂ ਲਈ ਦਵਾਈਆਂ ਦਾ ਲੰਗਰ ਲਗਾਉਣ ਦੀ ਲੋੜ ਹੈ। ਇਨ੍ਹਾਂ ਦੀ ਸਿਹਤ ਨੂੰ ਧਿਆਨ ‘ਚ ਰੱਖਦੇ ਹੋਏ ਸੀਕੇਡੀ ਨਰਸਿੰਗ ਕਾਲਜ ਦੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਦਿੱਲੀ ਰਵਾਨਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੰਘਰਸ਼ੀ ਯੋਧਿਆਂ ਲਈ ਅੱਖਾਂ ਦੀਆਂ ਦਵਾਈਆਂ, ਗਰਮ ਪੱਟੀਆਂ, ਥਰਮਾਮੀਟਰ, ਸਟੈਥੋਸਕੋਪ, ਗਲੂਕੋਮੀਟਰ, ਐਮਰਜੈਂਸੀ ਟੀਕੇ, ਐਂਟੀਬਾਇਓਟਿਕਸ ਦਵਾਈਆਂ ਇਸ ਤੋਂ ਇਲਾਵਾ ਹੋਰ ਜ਼ਰੂਰਤ ਦੀਆਂ ਦਵਾਈਆਂ ਵੱਡੀ ਗਿਣਤੀ ਵਿੱਚ ਭੇਜੀਆਂ ਗਈਆਂ ਹਨ।