ਪੇਟ ਦਰਦ ਦਾ ਇਲਾਜ ਕਰਵਾਉਣ ਗਏ ਦੋ ਨੌਜਵਾਨਾਂ ਨੂੰ ਡਾਕਟਰ ਨੇ ਲਿਖ ਦਿੱਤਾ ਪ੍ਰੈਗਨੇਂਸੀ ਟੈਸਟ

TeamGlobalPunjab
3 Min Read

ਝਾਰਖੰਡ ‘ਚ ਡਾਕਟਰ ਵੱਲੋਂ ਦੋ ਨੌਜਵਾਨਾ ਦਾ ਪ੍ਰੈਗਨੇਂਸੀ ਟੈਸਟ ਲਿਖੇ ਜਾਣ ਦਾ ਅਜੀਬੋਗਰੀਬ ਮਾਮਲਾ ਸਾਹਮਣੇ ਆਇਆ ਹੈ। ਸਿਮਰਿਆ ਪ੍ਰਖੰਡ ਦੇ ਚੋਰਬੋਰਾ ਪਿੰਡ ਦੇ ਰਹਿਣ ਵਾਲੇ ਨੌਜਵਾਨਾਂ ਦੇ ਪੇਟ ‘ਚ ਦਰਦ ਹੋਣ ‘ਤੇ ਉਨ੍ਹਾਂ ਦਾ ਪਰਿਵਾਰ ਦੋਵਾਂ ਨੂੰ ਸਥਾਨਕ ਸਰਕਾਰੀ ਹਸਪਤਾਲ ਲੈ ਕੇ ਪੁੱਜੇ।

ਉਸ ਸਮੇਂ ਡਿਊਟੀ ‘ਤੇ ਮੌਜੂਦ ਡਾਕਟਰ ਮੁਕੇਸ਼ ਨੇ ਦੋਵਾਂ ਨੂੰ ਵੇਖਿਆ ਤੇ ਪਰਚੀ ‘ਤੇ ਕੁੱਝ ਟੈਸਟ ਲਿਖ ਦਿੱਤੇ। ਜਦੋਂ ਦੋਵੇਂ ਟੈਸਟ ਕਰਵਾਉਣ ਲਈ ਇੱਕ ਨਿਜੀ ਲੈਬ ਪੁੱਜੇ ਤਾਂ ਟੈਸਟ ਕਰਨ ਵਾਲੇ ਡਾਕਟਰ ਨੇ ਹਸਪਤਾਲ ਦੀ ਪਰਚੀ ਵੇਖ ਕੇ ਜਾਂਚ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਮੈਂ ਬਾਕੀ ਜਾਂਚ ਤਾਂ ਕਰ ਦੇਵਾਂਗਾ ਪਰ ਇੱਕ ਜਾਂਚ ਨਹੀਂ ਕਰ ਸਕਦਾ ਕਿਉਂਕਿ ਡਾਕਟਰ ਨੇ ਤੁਹਾਡੀ ਪਰਚੀ ‘ਤੇ ਏਐੱਨਸੀ ਟੈਸਟ ਬਾਰੇ ਲਿਖਿਆ ਹੈ ਤੇ ਇਹ ਟੈਸਟ ਪ੍ਰੈਗਨੇਂਸੀ ਲਈ ਕੀਤਾ ਜਾਂਦਾ ਹੈ।

ਜਾਂਚ ਦੇ ਆਦੇਸ਼
ਦੱਸ ਦੇਈਏ ਇਹ ਮਾਮਲਾ ਬੀਤੀ ਇੱਕ ਅਕਤੂਬਰ ਦਾ ਹੈ ਚੋਰਬਾਰਾ ਪਿੰਡ ਦੇ ਰਹਿਣ ਵਾਲੇ ਕਾਮੇਸ਼ਵਰ ਅਤੇ ਗੋਪਾਲ ਨਾਮ ਦੇ ਨੌਜਵਾਨ ਪੇਟ ਦਰਦ ਦੀ ਸ਼ਿਕਾਇਤ ‘ਤੇ ਹਸਪਤਾਲ ਪੁੱਜੇ ਸਨ। ਉਨ੍ਹਾਂ ਦੇ ਮੁਤਾਬਕ ਉਸੇ ਦਿਨ ਡਾਕਟਰ ਮੁਕੇਸ਼ ਨੇ ਉਨ੍ਹਾਂ ਨੂੰ ਦੇਖਣ ਤੋਂ ਬਾਅਦ ਪਰਚੀ ‘ਤੇ ਪ੍ਰੈਗਨੇਂਸੀ ਟੈਸਟ ਦੀ ਸਲਾਹ ਲਿਖੀ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹੇ ਦੇ ਸਿਵਲ ਸਰਜਨ ਅਰੁਣ ਕੁਮਾਰ ਪਾਸਵਾਨ ਨੇ ਹਸਪਤਾਲ ਇੰਚਾਰਜ ਨੂੰ ਜਾਂਚ ਦੇ ਆਦੇਸ਼ ਦਿੱਤੇ ਹਨ ਤੇ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਹਸਪਤਾਲ ਦੇ ਇੰਚਾਰਜ ਡਾ.ਭੂਸ਼ਣ ਰਾਣਾ ਦਾ ਕਹਿਣਾ ਹੈ ਕਿ ਪਰਚੀ ‘ਚ ਓਵਰ ਰਾਈਟਿੰਗ ਹੋਣ ਦੀ ਗੱਲ ਸਾਹਮਣੇ ਆਈ ਹੈ ਅਜਿਹੇ ਵਿੱਚ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।

ਉੱਥੇ ਹੀ ਇਸ ਸਿਲਸਿਲੇ ‘ਚ ਸਬੰਧਤ ਡਾਕਟਰ ਮੁਕੇਸ਼ ਕੁਮਾਰ ਦਾ ਕਹਿਣਾ ਹੈ ਕਿ ਕਿਤੇ ਕੋਈ ਗੜਬੜੀ ਨਹੀਂ ਹੈ। ਦੋਵੇਂ ਨੌਜਵਾਨ ਆਪਣੀ ਪਤਨੀ ਦੇ ਨਾਲ ਹਸਪਤਾਲ ਪੁੱਜੇ ਸਨ ਤੇ ਗਲਤੀ ਨਾਲ ਉਨ੍ਹਾਂ ਨੇ ਪਤਨੀ ਦੇ ਬਦਲੇ ਆਪਣਾ ਨਾਮ ਪਰਚੀ ‘ਤੇ ਲਿਖਵਾ ਦਿੱਤਾ। ਅਸੀਂ ਜਾਂਚ ਵੀ ਠੀਕ ਕੀਤੀ ਹੈ ਤੇ ਟੈਸਟ ਵੀ ਠੀਕ ਲਿਖੇ ਹਨ ਦੋਵਾਂ ਦੀਆਂ ਪਤਨੀਆਂ ਗਰਭਵਤੀ ਹਨ ਤੇ ਹਸਪਤਾਲ ਦੇ ਰਿਕਾਰਡ ਵਿੱਚ ਵੀ ਇਹ ਗੱਲ ਦਰਜ ਹੈ।

- Advertisement -

ਦੱਸ ਦੇਈਏ ਡਾਕਟਰ ਵੱਲੋਂ ਪਰਚੀ ‘ਤੇ ਇਸ ਤਰ੍ਹਾਂ ਦੀ ਅਜੀਬ ਸਲਾਹ ਲਿਖਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਡਾਕ‍ਟਰ ਕੋਲ ਇੱਕ ਮਹਿਲਾ ਪੇਟ ਦਰਦ ਦੀ ਸ਼ਿਕਾਇਤ ਲੈ ਕੇ ਆਈ ਸੀ ਤੇ ਡਾਕਟਰ ਨੇ ਉਸ ਨੂੰ ਪਰਚੀ ਤੇ ਕੰਡੋਮ ਲਿਖ ਦਿੱਤਾ ਸੀ। ਇਸ ਦਾ ਮੁੱਦਾ ਵਿਧਾਨਸਭਾ ਵਿੱਚ ਵੀ ਗੂੰਜਿਆ ਸੀ ਤੇ ਡਾਕਟਰ ਨੂੰ ਨੌਕਰੀ ਤੋਂ ਹੱਥ ਵੀ ਧੋਣਾ ਪਿਆ ਸੀ।

Share this Article
Leave a comment