ਬੇਅਦਬੀ ਕਾਂਡ : ਪੰਜਾਬ ਸਰਕਾਰ ਨੇ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਦਾ ਕੀਤਾ ਤਬਾਦਲਾ

TeamGlobalPunjab
2 Min Read

ਫ਼ਰੀਦਕੋਟ:ਜ਼ਿਲ੍ਹੇ ’ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਵਾਪਰੀਆਂ ਤਿੰਨ ਘਟਨਾਵਾਂ ਦੀ ਪੜਤਾਲ ਲਈ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਹੁਕਮਾਂ ’ਤੇ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਡੀਆਈਜੀ ਰਣਬੀਰ ਸਿੰਘ ਖੱਟੜਾ ਨੂੰ ਹਟਾ ਕੇ ਉਨ੍ਹਾਂ ਦੀ ਥਾਂ ’ਤੇ ਬਾਰਡਰ ਰੇਂਜ ਦੇ ਆਈਜੀ ਐੱਸ.ਪੀ.ਐੱਸ. ਪਰਮਾਰ ਨੂੰ ਜਾਂਚ ਟੀਮ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਡੀ.ਆਈ.ਜੀ ਰਣਬੀਰ ਸਿੰਘ ਖੱਟੜਾ ਇਸ ਟੀਮ ਦੇ ਮੈਂਬਰ ਵਜੋਂ ਆਪਣਾ ਕੰਮ ਕਰਨਗੇ। ਪਹਿਲੀ ਜੂਨ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ ਸੀ।

24 ਸਤੰਬਰ ਨੂੰ ਪਿੰਡ ਬਰਗਾੜੀ ’ਚ ਇਤਰਾਜ਼ਯੋਗ ਪੋਸਟਰ ਚਿਪਕਾਏ ਗਏ ਤੇ 12 ਅਕਤੂਬਰ ਨੂੰ ਗੁਰੂ ਗ੍ਰੰਥ ਸਾਹਿਬ ਦੇ ਪਾੜੇ ਹੋਏ ਅੰਗ ਗਲੀਆਂ ਚੋਂ ਮਿਲੇ ਸਨ। ਇਨ੍ਹਾਂ ਘਟਨਾਵਾਂ ਸਬੰਧੀ ਬਾਜਾਖਾਨਾ ਪੁਲੀਸ ਨੇ ਆਈ.ਪੀ.ਸੀ ਦੀ ਧਾਰਾ 295/120-ਬੀ ਤਹਿਤ ਅਣਪਛਾਤੇ ਵਿਅਕਤੀਆਂ ਖਿਲਾਫ ਤਿੰਨ ਮੁਕੱਦਮੇ ਦਰਜ ਕੀਤੇ ਸਨ। ਇਨ੍ਹਾਂ ਮਾਮਲਿਆਂ ਦੀ ਪੜਤਾਲ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਡੀ.ਆਈ.ਜੀ ਰਣਬੀਰ ਸਿੰਘ ਖੱਟੜਾ ਨੂੰ ਸੌਂਪੀ ਗਈ ਸੀ। ਹੁਣ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਹੁਕਮਾਂ ਮੁਤਾਬਿਕ ਇਨ੍ਹਾਂ ਤਿੰਨੇ ਮਾਮਲਿਆਂ ਦੀ ਪੜਤਾਲ ਲਈ ਗਠਿਤ ਕੀਤੀ ਗਈ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਦਾ ਤਬਾਦਲਾ ਕਰ ਦਿੱਤਾ ਹੈ।

ਗੁਰੂ ਗ੍ਰੰਥ ਸਾਹਿਬ ਚੋਰੀ ਦੇ ਮਾਮਲੇ  ’ਚ ਹੁਣ ਤੱਕ ਜਾਂਚ ਟੀਮ ਲਗਪਗ ਪੰਜ ਸਾਲ ਦੀ ਪੜਤਾਲ ਉਪਰੰਤ ਅਦਾਲਤ  ’ਚ ਸਿਰਫ਼ ਚਲਾਨ ਹੀ ਪੇਸ਼ ਕਰ ਸਕੀ ਹੈ, ਜਿਸ ਨੂੰ ਵੀ ਹਾਈ ਕੋਰਟ ਨੇ ਰੱਦ ਕਰ ਦਿੱਤਾ। ਇਨ੍ਹਾਂ ਤਿੰਨੇ ਮਾਮਲਿਆਂ ਦੀ ਪੜਤਾਲ ਸੀ.ਬੀ.ਆਈ ਨੇ ਵੀ ਕੀਤੀ ਸੀ ਪਰ ਸੀ.ਬੀ.ਆਈ ਕਿਸੇ ਤਸੱਲੀਬਖ਼ਸ਼ ਸਿੱਟੇ ’ਤੇ ਨਹੀਂ ਪਹੁੰਚ ਸਕੀ।

Share This Article
Leave a Comment