ਚੰਡੀਗੜ੍ : ਪੰਜਾਬ ਵਿਚ ਅੱਜ ਜਿਥੇ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ ਉਥੇ ਹੀ ਨਸ਼ਿਆਂ ਦਾ ਮੁੱਦਾ ਜੋਰਾਂ ਸ਼ੋਰਾਂ ਨਾਲ ਗਰਮਾਇਆ ਹੋਇਆ ਹੈ। ਇਸ ਨੂੰ ਲੈ ਕੇ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ । ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸੀ ਮੰਤਰੀਆਂ, ਵਿਧਾਇਕਾਂ ਅਤੇ ਆਗੂਆਂ ਤੇ ਵਿਨੋਦ ਕੁਮਾਰ ਉਰਫ ਸੋਨੂੰ ਬਾਬਾ ਵਰਗੇ ਤਸਕਰਾਂ ਨੂੰ ਨਸ਼ਿਆਂ ਦੀ ਹੋਮ ਡਿਲੀਵਰੀ ਲਈ ਕਰਫਿਊ ਪਾਸ ਮੁਹੱਈਆ ਕਰਵਾਉਣ ਦੇ ਦੋਸ਼ ਲਗਾਏ ਹਨ ।
ਸੀਨੀਅਰ ਅਕਾਲੀ ਆਗੂ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਦੋਸ਼ ਲਾਉਂਦਿਆਂ ਕਿਹਾ ਕਿ ਸੋਨੂੰ ਬਾਬਾ ਦੀ ਮੋਗਾ ਵਿਖੇ ਟਰੈਮਾਡੋਲ ਦੀਆਂ ਦੋ ਹਜ਼ਾਰ ਗੋਲੀਆਂ ਨਾਲ ਗ੍ਰਿਫਤਾਰੀ ਹੋਈ ਹੈ । ਉਨ੍ਹਾਂ ਕਿਹਾ ਕਿ ਇਸ ਨਾਲ ਕਾਂਗਰਸੀਆਂ ਵਲੋਂ ਕਰਫਿਊ ਦੌਰਾਨ ਕਰੋੜਾਂ ਰੁਪਏ ਕਮਾਉਣ ਲਈ ਸ਼ੁਰੂ ਕੀਤੇ ਕਾਰੋਬਾਰ ਦਾ ਪਰਦਾਫਾਸ਼ ਹੋਇਆ ਹੈ। ਅਕਾਲੀ ਆਗੂਆਂ ਨੇ ਸੋਨੂੰ ਬਾਬਾ ਦੀ ਮੱਦਦ ਕਰਨ ਵਾਲੇ ਸਾਰੇ ਸ਼ੱਕੀ ਕਾਂਗਰਸੀ ਆਗੂਆਂ ਦੇ ਨਾਂ ਵੀ ਐਫਆਈਆਰ ਵਿਚ ਸ਼ਾਮਿਲ ਕੀਤੇ ਜਾਣ ਦੀ ਮੰਗ ਕੀਤੀ ਹੈ ।