ਨਵੀਂ ਦਿੱਲੀ: ਇਕ ਪਾਸੇ ਜਿਥੇ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ, ਉਥੇ ਹੀ ਇਸ ਨਾਲ ਨਜਿੱਠਣ ਲਈ ਸਰਕਾਰ ਨੇ ਟੀਕਾਕਰਨ ਦਾ ਕੰਮ ਤੇਜ਼ ਕਰ ਦਿੱਤਾ ਹੈ। ਸਰਕਾਰ ਦਾ ਮਕਸਦ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦਾ ਟੀਕਾਕਰਨ ਕਰ ਕੇ ਕੋਰੋਨਾ ਤੋਂ ਜੰਗ ਜਿੱਤਣਾ ਹੈ। ਹਾਲ ਹੀ ਵਿੱਚ ਕਈ ਫ਼ਿਲਮੀ ਸਿਤਾਰਿਆਂ ਨੇ ਵੀ ਕੋਰੋਨਾ ਵਾਇਰਸ ਦਾ ਟੀਕਾ ਲਗਵਾਇਆ ਅਤੇ ਆਪਣੇ ਫੈਨਜ਼ ਨੂੰ ਇਸ ਨੂੰ ਲਗਵਾਉਣ ਲਈ ਪ੍ਰੇਰਿਤ ਕੀਤਾ।
ਹੁਣ ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਨੇ ਕੋਰੋਨਾ ਵੈਕਸੀਨ ਨੂੰ ਲੈ ਕੇ ਵੱਡੀ ਗੱਲ ਬੋਲੀ ਹੈ। ਬੀਤੇ ਮਹੀਨੇ ਧਰਮਿੰਦਰ ਨੇ ਕੋਰੋਨਾ ਵੈਕਸੀਨ ਲਗਵਾਈ ਸੀ। ਵੈਕਸੀਨ ਲਗਵਾਉਣ ਤੋਂ ਬਾਅਦ ਹੁਣ ਅਦਾਕਾਰ ਨੇ ਇਸ ਦੇ ਸਾਈਡ ਇਫੈਕਟ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਧਰਮਿੰਦਰ ਨੇ ਕਿਹਾ, ‘ਮੈਂ ਪਿਛਲੇ ਮਹੀਨੇ ਕੋਰੋਨਾ ਵੈਕਸੀਨ ਦੀ ਆਪਣੀ ਪਹਿਲੀ ਖੁਰਾਕ ਲਈ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਹੋਇਆ। ਮੈਨੂੰ ਹਲਕਾ ਬੁਖਾਰ ਵੀ ਨਹੀਂ ਹੋਇਆ ਮੈਂ ਹੁਣ ਦੂਜੀ ਖੁਰਾਕ ਲੈਣ ਜਾ ਰਿਹਾ ਹਾਂ। ਮੈਂ ਚਾਹੁੰਦਾ ਹਾਂ ਕਿ ਹਰ ਕੋਈ ਇਹ ਜਾਣ ਸਕੇ ਕਿ ਵੈਕਸੀਨ ਬਿਲਕੁਲ ਸੁਰੱਖਿਅਤ ਹੈ। ਇਸ ਲਈ ਆਪਣੇ ਡਰ ‘ਤੇ ਕਾਬੂ ਪਾਓ ਅਤੇ ਜਲਦ ਤੋਂ ਜਲਦ ਵੈਕਸੀਨ ਲਗਵਾਓ। ਸਭ ਨੇ ਸੋਚਿਆ ਕਿ ਇਸ ਸਾਲ ਵਾਇਰਸ ਖਤਮ ਹੋ ਜਾਵੇਗਾ ਪਰ ਇਹ ਪਿਛਲੇ ਸਾਲ ਦੇ ਮੁਕਾਬਲੇ ਹੋਰ ਜ਼ਿਆਦਾ ਬੁਰੀ ਤਰ੍ਹਾਂ ਫੈਲ ਰਿਹਾ ਹੈ।