ਚੰਡੀਗੜ੍ਹ : ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਨੂੰ ਕੇਂਦਰ ਸਰਕਾਰ ਵਿੱਚ ਡਾਇਰੈਕਟਰ ਜਨਰਲ ਪੱਧਰ ਦੇ ਅਹੁਦਿਆਂ ਉੱਤੇ ਤਾਇਨਾਤ ਰਹਿਣ ਲਈ ਪੈਨਲ ਵਿੱਚ ਸ਼ਾਮਲ ਕੀਤਾ ਗਿਆ ਹੈ। ਕੱਲ੍ਹ ਸ਼ਨੀਵਾਰ ਨੂੰ ਕੇਂਦਰੀ ਕੈਬਨਿਟ ਦੀ ਅਪਾਇੰਟਮੈਂਟ ਕਮੇਟੀ ਨੇ ਉਨ੍ਹਾਂ ਦੇ ਨਾਮ ਨੂੰ ਮਨਜ਼ੂਰੀ ਦਿੱਤੀ। ਦਿਨਕਰ ਗੁਪਤਾ ਉੱਤਰੀ ਭਾਰਤ ਦੇ ਸੱਤ ਸੂਬਿਆਂ ਪੰਜਾਬ/ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਉੱਤਰ ਪ੍ਰਦੇਸ਼, ਉ਼ਤਰਾਖੰਡ, ਰਾਜਸਥਾਨ ਸੂਬਿਆਂ ‘ਚੋਂ ਅਜਿਹੇ ਅਧਿਕਾਰੀ ਹਨ, ਜਿਨ੍ਹਾਂ ਦਾ ਨਾਮ ਪੈਨਲ ‘ਚ ਸ਼ਾਮਲ ਕੀਤਾ ਗਿਆ ਹੈ। ਸਰਕਾਰੀ ਬੁਲਾਰੇ ਅਨੁਸਾਰ ਗੁਪਤਾ ਆਈਪੀਐੱਸ ਦੇ 1987 ਬੈਚ ਦੇ ਉਨ੍ਹਾਂ 11 ਅਧਿਕਾਰੀਆਂ ‘ਚ ਸ਼ਾਮਲ ਹਨ ਜਿਨ੍ਹਾਂ ਦੇ ਨਾਮ ਨੂੰ ਭਾਰਤ ਸਰਕਾਰ ਨੇ ਡੀਜੀਪੀ ਪੱਧਰ ਅਤੇ ਕੇਂਦਰ ‘ਚ ਡੀਜੀਪੀ ਦੇ ਬਰਾਬਰ ਦੇ ਅਹੁਦਿਆਂ ਲਈ ਆਗਿਆ ਦਿੱਤੀ ਗਈ ਹੈ।
ਦਿਨਕਰ ਗੁਪਤਾ ਨੂੰ ਫ਼ਰਵਰੀ 2019 ’ਚ ਪੰਜਾਬ ਪੁਲਿਸ ਦਾ ਡਾਇਰੈਕਟਰ ਜਨਰਲ (ਡੀਜੀਪੀ) ਨਿਯੁਕਤ ਕੀਤਾ ਗਿਆ ਸੀ। ਕਿਉਂਕਿ ਡੀਜੀਪੀ (ਇੰਟੈਲੀਜੈਂਸ) ਵਜੋਂ ਉਨ੍ਹਾਂ ਦਾ ਟ੍ਰੈਕ ਰਿਕਾਰਡ ਅਤੇ ਕਰੀਅਰ ਪ੍ਰੋਫ਼ਾਹੀਲ ਬਹੁਤ ਪ੍ਰਭਾਵਸ਼ਾਲੀ ਰਿਹਾ ਸੀ। ਡੀਜੀਪੀ ਇੰਟੈਲੀਜੈਂਸ ਵਜੋਂ ਦਿਨਕਰ ਗੁਪਤਾ ਨੇ ਪੰਜਾਬ ਪੁਲਿਸ ਦੇ ਖੁਫ਼ੀਆਵਿੰਗ, ਦਹਿਸ਼ਤਗਰਦੀ ਵਿਰੋਧੀ ਸਕੁਐਡ ਅਤੇ ਜੱਥੇਬੰਦਕ ਅਪਰਾਧ ਨਿਯੰਤ੍ਰਣ ਇਕਾਈ ਉੱਤੇ ਚੌਕਸ ਨਿਗਰਾਨੀ ਰੱਖੀ ਸੀ। ਗੁਪਤਾ ਸੱਤ ਸਾਲਾਂ ਤੱਕ ਲੁਧਿਆਣਾ, ਜਲੰਧਰ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਐੱਸਐੱਸਪੀ ਵੀ ਰਹੇ ਹਨ। ਇਸ ਤੋਂ ਇਲਾਵਾ ਉਹ ਜਲੰਧਰ ਤੇ ਲੁਧਿਆਣਾ ਰੇਂਜਸ ਦੇ ਡੀਆਈਜੀ ਵੀ ਰਹੇ ਹਨ। ਇਸ ਤੋਂ ਅਗਲੇ 10 ਸਾਲਾਂ ਤੱਕ ਗੁਪਤਾ ਦਹਿਸ਼ਤਗਰਦੀ–ਵਿਰੋਧੀ ਅਤੇ ਖੁਫ਼ੀਆ ਵਿੰਗ ਦੀਆਂ ਟੀਮਾਂ ਦੇ ਮੁਖੀ ਬਣੇ ਰਹੇ।
ਇਸ ਤੋਂ ਇਲਾਵਾ ਕੇਂਦਰ ਸਰਕਾਰ ਨੇ ਪੰਜਾਬ ਕੈਡਰ ਦੇ ਰਿਟਾਇਰਡ ਆਈਪੀਐੱਸ ਅਧਿਕਾਰੀ ਅਤੇ ਮੌਜੂਦਾ ਰਾਅ ਚੀਫ ਸਾਮੰਤ ਗੋਇਲ ਨੂੰ ਕੇਂਦਰ ‘ਚ ਡੀਜੀਪੀ ਪੱਧਰ ਦੇ ਅਹੁਦਿਆਂ ਲਈ ਪੈਨਲ ‘ਚ ਸ਼ਾਮਲ ਕੀਤਾ ਹੈ।