ਦੇਵਗੌੜਾ ਦੇ ਪੋਤੇ ਪ੍ਰਜਵਲ ਰੇਵੰਨਾ ਨੂੰ ਜਬਰ ਜਨਾਹ ਦੇ ਮਾਮਲੇ ਵਿੱਚ ਉਮਰ ਕੈਦ ਅਤੇ 11 ਲੱਖ ਰੁਪਏ ਜੁਰਮਾਨੇ ਦੀ ਸਜ਼ਾ

Global Team
4 Min Read

ਨਿਊਜ਼ ਡੈਸਕ: ਜਨਤਾ ਦਲ (ਸੈਕੂਲਰ) ਦੇ ਸਾਬਕਾ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਨੂੰ ਆਪਣੀ ਘਰੇਲੂ ਨੌਕਰਾਣੀ ਨਾਲ ਜਬਰ ਜਨਾਹ ਦੇ ਦੋਸ਼ ਵਿੱਚ ਬੰਗਲੁਰੂ ਦੀ ਇੱਕ ਵਿਸ਼ੇਸ਼ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ ਦੇ ਪੋਤੇ ਪ੍ਰਜਵਲ ਰੇਵੰਨਾ ਨੂੰ  11 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਅਦਾਲਤ ਨੇ ਇਸ ਮਾਮਲੇ ਵਿੱਚ ਵੱਧ ਤੋਂ ਵੱਧ ਸਜ਼ਾ ਸੁਣਾਈ ਹੈ। ਪ੍ਰਜਵਲ ਰੇਵੰਨਾ ਨੂੰ 48 ਸਾਲਾ ਘਰੇਲੂ ਨੌਕਰਾਣੀ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਸਜ਼ਾ ਸੁਣਾਈ ਗਈ ਹੈ। ਪੀੜਤਾ ਨੇ ਉਸ ‘ਤੇ ਜਬਰ ਜਨਾਹ ਦੀ ਵੀਡੀਓ ਸਰਕੂਲੇਟ ਕਰਨ ਦਾ ਵੀ ਦੋਸ਼ ਲਗਾਇਆ ਸੀ। 34 ਸਾਲਾ ਰੇਵੰਨਾ ਖ਼ਿਲਾਫ਼ ਜਿਨਸੀ ਸ਼ੋਸ਼ਣ ਤੇ ਜਬਰ ਜਨਾਹ ਦੇ ਚਾਰ ਮਾਮਲੇ ਦਰਜ ਹਨ, ਜਿਨ੍ਹਾਂ ’ਚੋਂ ਇਕ ਮਾਮਲੇ ’ਚ ਵਿਸ਼ੇਸ਼ ਅਦਾਲਤ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ।

ਇਹ ਮਾਮਲਾ ਇਕ 48 ਸਾਲਾ ਔਰਤ ਨਾਲ ਜੁੜਿਆ ਹੈ, ਜੋ ਹਾਸਨ ਜ਼ਿਲ੍ਹੇ ਦੇ ਗੰਨੀਕਾਡਾ ਸਥਿਤ ਪ੍ਰਜਵਲ ਦੇ ਪਰਿਵਾਰਕ ਫਾਰਮ ਹਾਊਸ ’ਚ ਘਰੇਲੂ ਸਹਾਇਕਾ ਦੇ ਰੂਪ ’ਚ ਕੰਮ ਕਰਦੀ ਸੀ। 2021 ’ਚ ਉਸ ਨਾਲ ਦੋ ਵਾਰ ਹਾਸਨ ਫਾਰਮ ਹਾਊਸ ਤੇ ਬੈਂਗਲੁਰੂ ਸਥਿਤ ਰਿਹਾਇਸ਼ ’ਤੇ ਜਬਰ ਜਨਾਹ ਕੀਤਾ ਗਿਆ ਤੇ ਪ੍ਰਜਵਲ ਨੇ ਇਸ ਘਟਨਾ ਨੂੰ ਆਪਣੇ ਮੋਬਾਈਲ ਫੋਨ ’ਚ ਰਿਕਾਰਡ ਕਰ ਲਿਆ। ਇਹ ਮਾਮਲਾ ਪਿਛਲੇ ਸਾਲ ਅਪ੍ਰੈਲ ’ਚ ਸਾਹਮਣੇ ਆਇਆ ਸੀ, ਜਦ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿਨਸੀ ਸ਼ੋਸ਼ਣ ਦੇ ਵੀਡੀਓ ਲੀਕ ਹੋ ਗਏ ਸਨ। ਕੇਸ ਦਰਜ ਕੀਤੇ ਜਾਣ ਤੋਂ ਸਿਰਫ਼ 14 ਮਹੀਨੇ ਬਾਅਦ ਪ੍ਰਜਵਲ ਨੂੰ ਇਹ ਸਜ਼ਾ ਸੁਣਾਈ ਗਈ ਹੈ। ਮਾਮਲੇ ਦੀ ਜਾਂਚ ਕਰਨ ਵਾਲੀ ਐੱਸਆਈਟੀ ਨੇ ਸਤੰਬਰ, 2024 ’ਚ 1632 ਪੰਨਿਆਂ ਦਾ ਦੋਸ਼ ਪੱਤਰ ਦਾਇਰ ਕੀਤਾ ਸੀ•। ਇਸ ਨੇ ਮਾਮਲੇ ’ਚ 113 ਗਵਾਹ ਪੇਸ਼ ਕੀਤੇ।

ਵਿਸ਼ੇਸ਼ ਸਰਕਾਰੀ ਵਕੀਲ ਨੇ ਵਿਸ਼ੇਸ਼ ਅਦਾਲਤ ਨੂੰ ਪ੍ਰਜਵਲ ਰੇਵੰਨਾ ਨੂੰ ਵੱਧ ਤੋਂ ਵੱਧ ਸਜ਼ਾ ਦੇਣ ਦੀ ਬੇਨਤੀ ਕੀਤੀ। ਸਜ਼ਾ ਦੇ ਸਮੇਂ ’ਤੇ ਬਹਿਸ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਜਿਹੀ ਸਜ਼ਾ ਸਮਾਜ ਨੂੰ ਸਖ਼ਤ ਸੁਨੇਹਾ ਦੇਵੇਗੀ। ਪੀੜਤਾ ਵੱਲੋਂ ਪੇਸ਼ ਹੋਏ ਵਿਸ਼ੇਸ਼ ਸਰਕਾਰੀ ਵਕੀਲ ਬੀਐੱਨ ਜਗਦੀਸ਼ ਨੇ ਕਿਹਾ ਕਿ ਔਰਤ ਇਕ ਗ਼ਰੀਬ ਤੇ ਅਨਪੜ੍ਹ ਘਰੇਲੂ ਵਰਕਰ ਸੀ। ਉਸ ਨਾਲ ਵਾਰ-ਵਾਰ ਜਬਰ ਜਨਾਹ ਕੀਤਾ ਗਿਆ, ਉਸ ਨੂੰ ਬਲੈਕਮੇਲ ਕੀਤਾ ਗਿਆ ਤੇ ਘਰ ਤੋਂ ਭੱਜਣ ਲਈ ਮਜਬੂਰ ਕੀਤਾ ਗਿਆ। ਉਹ ਇਕ ਤਾਕਤਵਰ ਅਪਰਾਧੀ ਦਾ ਆਸਾਨ ਨਿਸ਼ਾਨਾ ਬਣ ਗਈ। ਵੀਡੀਓ ਦੇਖਣ ਤੋਂ ਬਾਅਦ ਉਸ ਨੇ ਖ਼ੁਦਕੁਸ਼ੀ ਕਰਨ ਬਾਰੇ ਵੀ ਸੋਚਿਆ।

ਪ੍ਰਜਵਲ ਰੇਵੰਨਾ ਨੇ ਸ਼ਨਿਚਰਵਾਰ ਨੂੰ ਅਦਾਲਤ ਤੋਂ ਘੱਟ ਸਜ਼ਾ ਦੀ ਮੰਗ ਕਰਦੇ ਹੋਏ ਦਾਅਵਾ ਕੀਤਾ ਕਿ ਉਨ੍ਹਾਂ ਨੇ ਕੁਝ ਵੀ ਗ਼ਲਤ ਨਹੀਂ ਕੀਤਾ। ਉਨ੍ਹਾਂ ਦੀ ਇੱਕੋ-ਇਕ ਗ਼ਲਤੀ ਇਹ ਸੀ ਕਿ ਉਹ ਸਿਆਸਤ ’ਚ ਤੇਜ਼ੀ ਨਾਲ ਅੱਗੇ ਵਧ ਰਹੇ ਸਨ। ਘੱਟ ਸਜ਼ਾ ਦੀ ਅਪੀਲ ਕਰਦੇ ਹੋਏ ਪ੍ਰਜਵਲ ਅਦਾਲਤ ’ਚ ਰੋ ਪਏ। ਉਨ੍ਹਾਂ ਨੇ ਕਿਹਾ ਕਿ ਉਹ ਮੈਕੇਨੀਕਲ ਇੰਜੀਨੀਅਰਿੰਗ ’ਚ ਗ੍ਰੈਜੂਏਟ ਹਨ ਤੇ ਹਮੇਸ਼ਾ ਮੈਰਿਟ ਦੇ ਆਧਾਰ ’ਤੇ ਪਾਸ ਹੋਏ ਹਨ। ਪ੍ਰਜਵਲ ਨੇ ਕਿਹਾ ਕਿ ਮੇਰੇ ਵਿਰੋਧੀ ਕਹਿੰਦੇ ਹਨ ਕਿ ਮੈਂ ਕਈ ਔਰਤਾਂ ਨਾਲ ਜਬਰ ਜਨਾਹ ਕੀਤਾ ਹੈ। ਪਰ, ਕੋਈ ਵੀ ਮਹਿਲਾ ਆਪਣੀ ਇੱਛਾ ਨਾਲ ਸ਼ਿਕਾਇਤ ਦਰਜ ਕਰਵਾਉਣ ਲਈ ਸਾਹਮਣੇ ਨਹੀਂ ਆਈ ਹੈ। ਉਹ ਲੋਕ ਸਭਾ ਚੋਣਾਂ ਤੋਂ ਛੇ ਦਿਨ ਪਹਿਲਾਂ ਆਈ ਸੀ। ਉਸ ਨੂੰ ਜਾਣ ਬੁੱਝ ਕੇ ਲਿਆਂਦਾ ਗਿਆ ਤੇ ਉਸ ਨੇ ਸ਼ਿਕਾਇਤ ਦਰਜ ਕਰਵਾਈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।
Share This Article
Leave a Comment