ਨਿਊਜ਼ ਡੈਸਕ: ਅਫਗਾਨਿਸਤਾਨ ਇੱਕ ਵਾਰ ਫਿਰ ਭੂਚਾਲ ਦੀ ਮਾਰ ਝੱਲ ਰਿਹਾ ਹੈ। ਦੇਸ਼ ਦੇ ਪਹਾੜੀ ਖੇਤਰਾਂ ਵਿੱਚ ਐਤਵਾਰ ਰਾਤ ਨੂੰ 6.0 ਤੀਬਰਤਾ ਦਾ ਭੂਚਾਲ ਆਇਆ। ਅਮਰੀਕੀ ਭੂ-ਵਿਗਿਆਨ ਸਰਵੇਖਣ (USGS) ਅਨੁਸਾਰ, ਇਸ ਦਾ ਕੇਂਦਰ ਜਲਾਲਾਬਾਦ ਸ਼ਹਿਰ ਤੋਂ 27 ਕਿਲੋਮੀਟਰ ਦੂਰ ਸੀ। ਜਲਾਲਾਬਾਦ, ਜਿੱਥੇ ਲਗਭਗ ਦੋ ਲੱਖ ਦੀ ਆਬਾਦੀ ਹੈ ਅਤੇ ਜੋ ਦੇਸ਼ ਦਾ 5ਵਾਂ ਸਭ ਤੋਂ ਵੱਡਾ ਸ਼ਹਿਰ ਹੈ, ਉੱਥੇ ਸਾਰੀ ਰਾਤ ਲੋਕ ਝਟਕਿਆਂ ਕਾਰਨ ਦਹਿਸ਼ਤ ਵਿੱਚ ਰਹੇ।
ਮੌਤਾਂ ਅਤੇ ਨੁਕਸਾਨ
ਤਾਲਿਬਾਨ ਸਰਕਾਰ ਦੇ ਅੰਕੜਿਆਂ ਅਨੁਸਾਰ, ਹੁਣ ਤੱਕ 800 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 2500 ਤੋਂ ਵੱਧ ਲੋਕ ਜ਼ਖਮੀ ਹਨ। ਸਭ ਤੋਂ ਵੱਧ ਨੁਕਸਾਨ ਕੁਨਾਰ ਸੂਬੇ ਵਿੱਚ ਹੋਇਆ, ਜਿੱਥੇ 600 ਤੋਂ ਵੱਧ ਲੋਕਾਂ ਦੀ ਜਾਨ ਗਈ। ਤਾਲਿਬਾਨ ਦੇ ਅੰਦਰੂਨੀ ਮੰਤਰਾਲੇ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਅੰਕੜਾ ਹੋਰ ਵਧ ਸਕਦਾ ਹੈ ਕਿਉਂਕਿ ਪ੍ਰਭਾਵਿਤ ਖੇਤਰ ਕਾਫੀ ਦੂਰ-ਦੁਰਾਡੇ ਅਤੇ ਔਖੇ ਪਹਾੜੀ ਇਲਾਕੇ ਵਿੱਚ ਹੈ।
ਮਾਹਰਾਂ ਅਨੁਸਾਰ, ਇਸ ਦੀ ਪਹਿਲੀ ਵਜ੍ਹਾ ਇਹ ਹੈ ਕਿ ਭੂਚਾਲ ਅੱਧੀ ਰਾਤ ਨੂੰ ਆਇਆ, ਜਦੋਂ ਜ਼ਿਆਦਾਤਰ ਲੋਕ ਆਪਣੇ ਘਰਾਂ ਵਿੱਚ ਸੌਂ ਰਹੇ ਸਨ। ਦੂਜੀ ਵਜ੍ਹਾ ਹੈ ਇਨ੍ਹਾਂ ਪਹਾੜਾਂ ਵਿੱਚ ਘਰਾਂ ਦੀ ਬਣਤਰ। ਉੱਥੇ ਦੇ ਘਰ ਮੁੱਖ ਤੌਰ ’ਤੇ ਮਿੱਟੀ ਅਤੇ ਪੱਥਰਾਂ ਨਾਲ ਬਣੇ ਕੱਚੇ ਮਕਾਨ ਹਨ, ਜੋ ਅਜਿਹੇ ਝਟਕਿਆਂ ਨੂੰ ਸਹਿਣ ਨਹੀਂ ਕਰ ਸਕਦੇ। ਸਤਹੀ ਭੂਚਾਲ ਹੋਣ ਕਾਰਨ ਧਰਤੀ ਦੇ ਹਿੱਲਣ ਦਾ ਅਸਰ ਹੋਰ ਵੀ ਤੇਜ਼ ਸੀ। ਕਈ ਘਰ ਪਲਾਂ ਵਿੱਚ ਮਲਬੇ ਵਿੱਚ ਬਦਲ ਗਏ, ਜਿਸ ਕਾਰਨ ਲੋਕਾਂ ਨੂੰ ਬਾਹਰ ਨਿਕਲਣ ਦਾ ਮੌਕਾ ਹੀ ਨਹੀਂ ਮਿਲਿਆ।
ਸੰਯੁਕਤ ਰਾਸ਼ਟਰ ਦੀ ਪ੍ਰਤੀਕਿਰਿਆ
ਸੰਯੁਕਤ ਰਾਸ਼ਟਰ ਦੇ ਮਹਾਸਕੱਤਰ ਐਂਟੋਨੀਓ ਗੁਟੇਰਸ ਨੇ ਕਿਹਾ ਕਿ ਉਹ ਅੱਜ ਅਫਗਾਨਿਸਤਾਨ ਵਿੱਚ ਆਏ ਭਿਆਨਕ ਭੂਚਾਲ ਤੋਂ ਪ੍ਰਭਾਵਿਤ ਲੋਕਾਂ ਨਾਲ ਪੂਰੀ ਇਕਜੁੱਟਤਾ ਨਾਲ ਖੜ੍ਹੇ ਹਨ। ਉਨ੍ਹਾਂ ਨੇ ਪੀੜਤ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।