ਵਰਲਡ ਡੈਸਕ: ਪਾਕਿਸਤਾਨ ‘ਚ ਮੰਦਰ ਦੀ ਕੀਤੀ ਭੰਨ-ਤੋੜ ਦੇ ਮਾਮਲੇ ‘ਚ ਸੁਪਰੀਮ ਕੋਰਟ ਨੇ ਸੁਣਵਾਈ ਕੀਤੀ। ਸੁਣਵਾਈ ਦੌਰਾਨ ਕੋਰਟ ਨੇ ਸਖ਼ਤ ਨਾਰਾਜ਼ਗੀ ਜ਼ਾਹਰ ਕਰਦਿਆਂ ਖੈਬਰ ਪਖਤੂਨਖਵਾ ਦੀ ਸਰਕਾਰ ਨੂੰ ਆਦੇਸ਼ ਦਿੱਤਾ ਕਿ ਮੰਦਰ ਦੇ ਨਾਲ-ਨਾਲ ਹਿੰਦੂ ਧਾਰਮਿਕ ਨੇਤਾ ਦੀ ਸਮਾਧੀ ਵੀ ਦੋ ਹਫਤੇ ਦੇ ਅੰਦਰ-ਅੰਦਰ ਮੁੜ ਉਸਾਰੀ ਜਾਵੇ।
ਇੱਥੇ ਦੱਸ ਦਈਏ ਕਿ ਮੰਦਰ ਦੀ ਭੰਨ ਤੋੜ ਦੇ ਮਾਮਲੇ ‘ਚ ਹੁਣ ਤੱਕ 100 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਨੂੰ ਅੱਤਵਾਦ ਵਿਰੋਧੀ ਅਦਾਲਤ (ਏ.ਟੀ.ਸੀ.) ‘ਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਦੋਸ਼ੀਆਂ ਨੂੰ ਤਿੰਨ ਦਿਨ ਦੀ ਪੁਲਸ ਹਿਰਾਸਤ ‘ਚ ਭੇਜ ਦਿੱਤਾ। ਇਸ ਮਾਮਲੇ ‘ਚ ਪਾਕਿਸਤਾਨ ਸਰਕਾਰ ਨੇ 8 ਪੁਲਸ ਅਧਿਕਾਰੀਆਂ ਨੂੰ ਵੀ ਮੁਅੱਤਲ ਕਰ ਦਿੱਤਾ ਹੈ।
ਪਾਕਿਸਤਾਨ ਦੇ ਸੁਪਰੀਮ ਕੋਰਟ ਦੇ ਮੁੱਖ ਜੱਜ ਗੁਲਜਾਰ ਅਹਿਮਦ ਨੇ ਮੰਦਰ ਦੀ ਭੰਨ-ਤੋੜ ਕੀਤੇ ਜਾਣ ਦੀ ਘਟਨਾ ‘ਤੇ ਖੁਦ ਨੋਟਿਸ ਲਿਆ ਤੇ ਸੁਣਵਾਈ ਲਈ 5 ਜਨਵਰੀ ਦੀ ਤਾਰੀਖ਼ ਤੈਅ ਕੀਤੀ ਸੀ। ਮੁੱਖ ਜੱਜ ਨੇ ਇਹ ਕਾਰਵਾਈ ਉਦੋਂ ਕੀਤੀ ਜਦੋਂ ਘੱਟ ਗਿਣਤੀ ਸਾਂਸਦ ਰਮੇਸ਼ ਕੁਮਾਰ ਨੇ ਪਿਛਲੇ ਹਫਤੇ ਕਰਾਚੀ ‘ਚ ਇਕ ਮੁਲਾਕਾਤ ਦੇ ਦੌਰਾਨ ਹਿੰਦੂ ਮੰਦਰ ਤੋੜੇ ਜਾਣ ਦੀ ਉਹਨਾਂ ਨੂੰ ਜਾਣਕਾਰੀ ਦਿੱਤੀ ਸੀ। ਇਸ ਦੇ ਨਾਲ ਹੀ ਕੋਰਟ ਨੇ ਔਕਾਫ ਵਿਭਾਗ ਤੋਂ ਪਾਕਿਸਤਾਨ ‘ਚ ਸਥਿਤ ਹਿੰਦੂ ਮੰਦਰਾਂ ਦੀ ਜਾਣਕਾਰੀ ਮੰਗੀ ਹੈ.