ਪੰਚਕੂਲਾ/ਚੰਡੀਗੜ੍ਹ : ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਬੰਦ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ । ਰਾਮ ਰਹੀਮ ਖਿਲਾਫ ਇਕ ਹੋਰ ਮਾਮਲੇ ‘ਚ ਸ਼ਿਕੰਜਾ ਕੱਸਿਆ ਗਿਆ ਹੈ। ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਕੋਰਟ ਨੇ ਰਣਜੀਤ ਸਿੰਘ ਹੱਤਿਆ ਕਾਂਡ ‘ਚ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ। ਅਦਾਲਤ ਹੁਣ ਇਸ ਮਾਮਲੇ ‘ਚ 24 ਅਗਸਤ ਨੂੰ ਫ਼ੈਸਲਾ ਸੁਣਾ ਸਕਦੀ ਹੈ। ਇਸ ਮਾਮਲੇ ‘ਚ ਗੁਰਮੀਤ ਰਾਮ ਰਹੀਮ ਮੁੱਖ ਮੁਲਜ਼ਮ ਹੈ।
ਕੇਸ ਦੇ ਮੁੱਖ ਦੋਸ਼ੀ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਅਤੇ ਕ੍ਰਿਸ਼ਨ ਕੁਮਾਰ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਏ। ਇਸ ਦੇ ਨਾਲ ਹੀ ਮੁਲਜ਼ਮ ਅਵਤਾਰ, ਜਸਵੀਰ ਅਤੇ ਸਬਦਿਲ ਸਿੱਧਾ ਅਦਾਲਤ ਵਿੱਚ ਪੇਸ਼ ਹੋਏ।
ਦੱਸ ਦੇਈਏ ਕਿ ਗੁਰਮੀਤ ਰਾਮ ਰਹੀਮ ਇਸ ਸਮੇਂ ਸਾਧਵੀ ਜਬਰ ਜਨਾਹ ਮਾਮਲੇ ਅਤੇ ਪੱਤਰਕਾਰ ਰਾਮਚੰਦਰ ਛਤਰਪਤੀ ਹੱਤਿਆ ਮਾਮਲੇ ‘ਚ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਸਜ਼ਾ ਕੱਟ ਰਿਹਾ ਹੈ।
ਪੰਚਕੂਲਾ ਦੀ ਅਦਾਲਤ ‘ਚ ਬੁੱਧਵਾਰ ਨੂੰ ਰਣਜੀਤ ਸਿੰਘ ਮਰਡਰ ਕੇਸ ਦੀ ਸੁਣਵਾਈ ਪੂਰੀ ਹੋ ਗਈ। ਪੰਚਕੂਲਾ ਸਥਿਤ ਵਿਸ਼ੇਸ਼ ਸੀਬੀਆਈ ਅਦਾਲਤ ਨੇ ਬੁੱਧਵਾਰ ਨੂੰ ਸੁਣਵਾਈ ਤੋਂ ਬਾਅਦ ਰਣਜੀਤ ਸਿੰਘ ਹੱਤਿਆ ਮਾਮਲੇ ‘ਚ ਫ਼ੈਸਲਾ ਸੁਰੱਖਿਅਤ ਰੱਖ ਲਿਆ। ਪਿਛਲੀ ਸੁਣਵਾਈ ‘ਚ ਬਹਿਸ ਪੂਰੀ ਹੋਣ ਤੋਂ ਬਾਅਦ ਅੱਜ ਸੁਣਵਾਈ ਦੌਰਾਨ ਅਦਾਲਤ ਨੇ ਮਾਮਲੇ ‘ਚ ਅਗਲੀ ਤਰੀਕ 24 ਅਗਸਤ ਤੈਅ ਕਰ ਦਿੱਤੀ। ਇਸ ਦਿਨ ਸੀਬੀਆਈ ਕੋਰਟ ਵੱਲੋਂ ਇਸ ਮਾਮਲੇ ‘ਚ ਫ਼ੈਸਲਾ ਸੁਣਾਇਆ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ 10 ਜੁਲਾਈ 2002 ਨੂੰ ਡੇਰੇ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ ਕੁਰੂਕਸ਼ੇਤਰ ਦੇ ਰਣਜੀਤ ਸਿੰਘ ਦਾ ਮਰਡਰ ਹੋਇਆ ਸੀ। ਡੇਰਾ ਮੈਨੇਜਮੈਂਟ ਨੂੰ ਸ਼ੱਕ ਸੀ ਕਿ ਰਣਜੀਤ ਨੇ ਸਾਧਵੀ ਜਿਨਸੀ ਸ਼ੋਸ਼ਣ ਦੀ ਗੁੰਮਨਾਮ ਚਿੱਠੀ ਆਪਣੀ ਭੈਣ ਤੋਂ ਹੀ ਲਿਖਵਾਈ ਸੀ। ਪੁਲਿਸ ਜਾਂਚ ਤੋਂ ਅਸੰਤੁਸ਼ਟ ਰਣਜੀਤ ਦੇ ਪਿਤਾ ਨੇ ਜਨਵਰੀ 2003 ‘ਚ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕਰ ਕੇ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ। ਦੋਸ਼ ਹੈ ਕਿ ਰਣਜੀਤ ਸਿੰਘ ਹੱਤਿਆ ਮਾਮਲੇ ‘ਚ ਡੇਰਾ ਸੱਚਾ ਸੌਦਾ ਦੇ ਪੰਜ ਮੈਂਬਰ ਅਵਤਾਰ, ਇੰਦਰ ਸੈਣੀ, ਕ੍ਰਿਸ਼ਨ ਲਾਲ, ਜਸਬੀਰ ਸਿੰਘ ਤੇ ਸਬਦਿਲ ਸਿੰਘ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਕਹਿਣ ‘ਤੇ ਰਣਜੀਤ ਸਿੰਘ ਦੀ ਹੱਤਿਆ ਦੀ ਸਾਜ਼ਿਸ਼ ਘੜੀ ਸੀ।
ਤਿੰਨ ਗਵਾਹ ਅਹਿਮ ਸਨ। ਇਨ੍ਹਾਂ ਵਿਚੋਂ ਦੋ ਚਸ਼ਮਦੀਦ ਸੁਖਦੇਵ ਸਿੰਘ ਤੇ ਜੋਗਿੰਦਰ ਸਿੰਘ ਹਨ ਜਿਨ੍ਹਾਂ ਨੇ ਇਸਤਗਾਸਾ ਨੂੰ ਰਣਜੀਤ ਸਿੰਘ ‘ਤੇ ਗੋਲ਼ੀ ਚਲਾਉਂਦੇ ਹੋਏ ਦੇਖਿਆ ਸੀ। ਤੀਸਰਾ ਗਵਾਹ ਗੁਰਮੀਤ ਦਾ ਡਰਾਈਵਰ ਖੱਟਾ ਸਿੰਘ ਸੀ, ਜਿਸ ਦੇ ਸਾਹਮਣੇ ਰਣਜੀਤ ਨੂੰ ਮਾਰਨ ਲਈ ਕਿਹਾ ਗਿਆ ਸੀ।