ਨਵੀਂ ਦਿੱਲੀ : ਨਾਗਰਿਕਤਾ ਸੋਧ ਕਨੂੰਨ ਨੂੰ ਲੈ ਕੇ ਹਰ ਦਿਨ ਪ੍ਰਦਰਸ਼ਨ ਹੁੰਦੇ ਹੀ ਰਹਿੰਦੇ ਹਨ ਜਿਸ ਦੇ ਚਲਦਿਆਂ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਨੇ ਵੀ ਇਸ ਕਨੂੰਨ ਦਾ ਵਿਰੋਧ ਕਰਦਿਆਂ ਭਾਰਤੀ ਜਨਤਾ ਪਾਰਟੀ ਦਾ ਸਾਥ ਛੱਡ ਦਿੱਤਾ ਸੀ ਅਤੇ ਦਿੱਲੀ ਵਿਧਾਨ ਸਭਾ ਚੋਣਾਂ ਨਾ ਲੜਨ ਦਾ ਫੈਸਲਾ ਲਿਆ ਸੀ। ਪਰ ਹੁਣ ਇੱਕ ਵਾਰ ਫਿਰ ਅਕਾਲੀ ਦਲ ਨੇ ਬੀਜੇਪੀ ਨੂੰ ਦਿੱਲੀ ‘ਚ ਸਮਰਥਨ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸੀਏਏ ਦੇ ਹੱਕ ਵਿੱਚ ਹਾਂ।
ਦੱਸ ਦਈਏ ਕਿ ਬੀਤੀ ਕੱਲ੍ਹ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਬੀਜੇਪੀ ਦੇ ਦਿੱਲੀ ਪ੍ਰਧਾਨ ਜੇਪੀ ਨੱਡਾ ਨਾਲ ਮੀਟਿੰਗ ਕਰਕੇ ਪ੍ਰੈਸ ਕਾਨਫਰੰਸ ਕੀਤੀ ਅਤੇ ਇਹ ਐਲਾਨ ਕੀਤਾ ਕਿ ਅਕਾਲੀ ਦਲ ਅਤੇ ਬੀਜੇਪੀ ਦਾ ਗੱਠਜੋੜ ਕਾਇਮ ਹੈ। ਇਸ ਮੌਕੇ ਬੋਲਦਿਆਂ ਜੇਪੀ ਨੱਡਾ ਨੇ ਵੀ ਇਹ ਕਿਹਾ ਕਿ ਅਕਾਲੀ ਦਲ ਅਤੇ ਬੀਜੇਪੀ ਦਾ ਗੱਠਜੋੜ ਬਰਕਰਾਰ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਇਸ ਮੌਕੇ ਉਹ ਦਿੱਲੀ ਚੋਣਾਂ ‘ਚ ਬੀਜੇਪੀ ਦੇ ਨਾਲ ਹਨ ਅਤੇ ਜਿੱਥੇ ਵੀ ਕਿਹਾ ਜਾਵੇਗਾ ਉਹ ਖੜ੍ਹੇ ਹਨ।