ਦਿੱਲੀ ਗੁਰਦੁਆਰਾ ਕਮੇਟੀ ਨੇ ਆਪਣੇ ਖਾਤਿਆਂ ਦੇ ਆਡਿਟ ਦੀ ਜ਼ਿੰਮੇਵਾਰੀ ਖੰਨਾ ਐਂਡ ਅੰਨਧਨਮ ਚਾਰਟਡ ਅਕਾਉਂਟੈਂਟਸ ਨੂੰ ਸੌਂਪੀ

TeamGlobalPunjab
4 Min Read

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਖਾਤਿਆਂ ਦੇ ਆਡਿਟ ਦੀ ਜ਼ਿੰਮੇਵਾਰੀ ਖੰਨਾ ਐਂਡ ਅੰਨਧਨਮ ਨੂੰ ਸੌਂਪ ਦਿੱਤੀ ਹੈ ਤੇ ਆਰ.ਐਸ. ਆਹੂਜਾ, ਕੰਵਲਜੀਤ ਸਿੰਘ ਤੇ ਐਸ.ਪੀ. ਸਿੰਘ ਇਹ ਆਡਿਟ ਕਰਨਗੇ।

ਇਸ ਗੱਲ ਦੀ ਜਾਣਕਾਰੀ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਕਮੇਟੀ ਵੱਲੋਂ ਮਨੁੱਖਤਾ ਦੀ ਕੀਤੀ ਜਾ ਰਹੀ ਸੇਵਾ ਦੀ ਬਦੌਲਤ ਦੁਨੀਆਂ ਭਰ ‘ਚ ਸਿੱਖਾਂ ਦੀ ਹੋਈ ਚੜਤ ਤੋਂ ਘਬਰਾ ਕੇ ਕਮੇਟੀ ਦਾ ਨਾਮ ਬਦਨਾਮ ਕਰਨ ਵਾਸਤੇ ਕੁਝ ਲੋਕਾਂ ਵੱਲੋਂ ਕੋਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ ਤੇ ਜਾਣ ਬੁੱਝ ਕੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਇਸੇ ਲਈ ਅਸੀਂ ਹਰ ਮਹੀਨੇ ਦੇ ਆਡਿਟ ਦਾ ਕੰਮ ਇਸ ਫਰਮ ਨੂੰ ਸੌਂਪ ਦਿੱਤਾ ਹੈ, ਜੋ ਹਰ ਮਹੀਨੇ ਆਡਿਟ ਕਰੇਗੀ ਤੇ ਖਾਤਿਆਂ ਦੀ ਰਿਪੋਰਟ ਸੰਗਤ ਦੇ ਸਾਹਮਣੇ ਰੱਖੇਗੀ। ਉਹਨਾਂ ਕਿਹਾ ਕਿ ਦਿੱਲੀ ਦੀਆਂ ਪ੍ਰਸਿੱਧ ਸਿੱਖ ਸ਼ਖਸੀਅਤਾਂ ਵੱਲੋਂ 2018 ‘ਚ ਕੀਤੀ ਸਿਫਾਰਸ਼ ਅਨੁਸਾਰ ਹੀ ਅਸੀਂ ਫਰਮ ਤੈਅ ਕੀਤੀ ਹੈ।

ਮਨਜੀਤ ਸਿੰਘ ਜੀਕੇ, ਸਰਨਾ ਭਰਾਵਾਂ ਤੇ ਭਾਈ ਰਣਜੀਤ ਸਿੰਘ ‘ਤੇ ਤਿੱਖਾ ਹਮਲਾ ਬੋਲਦਿਆਂ ਹਰਮੀਤ ਸਿੰਘ ਕਾਲਕਾ ਨੇ ਕਿਹਾ ਇਹਨਾਂ ਨੇ ਗਠਜੋੜ ਬਣਾਇਆ ਹੋਇਆ ਹੈ ਤੇ ਇਹ ਰੋਜ਼ਾਨਾ ਇਕ ਮਿੱਥੇ ਏਜੰਡੇ ਤਹਿਤ ਇਕੱਲੇ-ਇਕੱਲੇ ਪ੍ਰਦਰਸ਼ਨ ਕਰਨ ਆ ਜਾਂਦੇ ਹਨ। ਉਹਨਾਂ ਕਿਹਾ ਕਿ ਤਿੰਨਾਂ ਦਾ ਮਕਸਦ ਕਮੇਟੀ ਨੂੰ ਬਦਨਾਮ ਕਰਨਾ ਹੈ। ਉਹਨਾਂ ਕਿਹਾ ਕਿ ਗਠਜੋੜ ਇਥੋਂ ਹੀ ਸਾਬਤ ਹੋ ਜਾਂਦਾ ਹੈ ਕਿ ਮਨਜੀਤ ਸਿੰਘ ਜੀਕੇ ਦੇ ਖਿਲਾਫ ਸਰਨਾ ਨੇ ਕੋਈ ਉਮੀਦਵਾਰ ਖੜ੍ਹਾ ਨਹੀਂ ਕੀਤਾ।

ਸਵਾਲਾਂ ਦੇ ਜਵਾਬ ਦਿੰਦਿਆਂ ਕਾਲਕਾ ਨੇ ਕਿਹਾ ਕਿ ਅਸੀਂ ਪਹਿਲੀ ਫਰਮ ਦੀ ਆਡਿਟ ਰਿਪੋਰਟ ਇਸ ਕਰਕੇ ਜਨਤਕ ਨਹੀਂ ਕੀਤੀ ਕਿਉਂਕਿ ਉਹ ਕਮੇਟੀ ਦੇ ਸਭ ਤੋਂ ਕਾਲੇ ਦੌਰ ਦੀ ਰਿਪੋਰਟ ਹੈ ਜਦੋਂ ਮਨਜੀਤ ਸਿੰਘ ਜੀਕੇ ਨੇ ਗੋਲਕ ਚੋਰੀ ਕੀਤੀ ਸੀ। ਉਹਨਾਂ ਕਿਹਾ ਕਿ ਜੀਕੇ ਨੇ ਅੱਜ ਤੱਕ ਨਾਂ ਤਾਂ ਸੰਗਤ ਨੂੰ ਆਪਣੇ ‘ਤੇ ਲੱਗੇ ਦੋਸ਼ਾਂ ਦਾ ਜਵਾਬ ਦਿੱਤਾ ਤੇ ਨਾਂ ਹੀ ਅਦਾਲਤ ‘ਚ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਅਦਾਲਤ ‘ਚ ਬਿਆਨ ਦੇਣ ਤੋਂ ਬਾਅਦ ਹੀ ਰਿਪੋਰਟ ਜਨਤਕ ਕੀਤੀ ਜਾਵੇਗੀ ਤਾਂ ਜੋ ਜੀਕੇ ਦਾ ਸੱਚ ਸੰਗਤ ਦੇ ਸਾਹਮਣੇ ਰੱਖਿਆ ਜਾ ਸਕੇ।

ਇਕ ਹੋਰ ਸਵਾਲ ਦੇ ਜਵਾਬ ‘ਚ ਕਾਲਕਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਸਭ ਤੋਂ ਪਹਿਲਾਂ ਇਸ ਗੱਲ ਦਾ ਹਮਾਇਤੀ ਹੈ ਕਿ ਕਮੇਟੀ ਚੋਣਾਂ ਤੁਰੰਤ ਹੋਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਅਦਾਲਤ ‘ਚ ਵੀ ਅਸੀਂ ਇਹੀ ਸਟੈਂਡ ਲਿਆ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਤੁਰੰਤ ਚੋਣਾਂ ਹੋਣ।

ਗੁਰੂ ਤੇਗ ਬਹਾਦਰ ਕੋਰੋਨਾ ਕੇਅਰ ਸੈਂਟਰ ਦੇ ਡਾਕਟਰਾਂ ਕੋਲ ਲਾਇਸੰਸ ਨਾਂ ਹੋਣ ਬਾਰੇ ਕਾਲਕਾ ਨੇ ਕਿਹਾ ਕਿ ਜੀਕੇ ਭੁੱਲ ਗਏ ਹਨ ਕਿ ਸੈਂਟਰ ‘ਚ ਡਾਕਟਰ ਦਿੱਲੀ ਸਰਕਾਰ ਨੇ ਤਾਇਨਾਤ ਕੀਤੇ ਹਨ। ਉਹਨਾਂ ਕਿਹਾ ਕਿ, ਕੀ ਦਿੱਲੀ ਸਰਕਾਰ ਇੰਨੀ ਨਾਂ ਸਮਝ ਨਹੀਂ ਹੈ ਕਿ ਅਨਕੁਆਲੀਫਾਈਡ ਡਾਕਟਰ ਤਾਇਨਾਤ ਕਰੇਗੀ। ਉਹਨਾਂ ਇਹ ਵੀ ਕਿਹਾ ਕਿ ਜਦੋਂ ਮੀਡੀਆ ਕਹੇ ਅਸੀਂ ਡਾਕਟਰਾਂ ਦੀਆਂ ਡਿਗਰੀਆਂ ਵੀ ਵਿਖਾ ਸਕਦੇ ਹਾਂ।

ਕਾਲਕਾ ਨੇ ਕਿਹਾ ਕਿ ਸੰਗਤ ਵੱਲੋਂ ਮਿਲੇ ਉਤਸ਼ਾਹ ਸਦਕਾ ਹੀ ਮੌਜੂਦਾ ਕਮੇਟੀ ਨੇ ਕੋਰੋਨਾ ਕਾਲ ਵੇਲੇ ਸੰਗਤ ਦੀ ਵੱਡੀ ਸੇਵਾ ਕੀਤੀ ਹੈ, ਜਿਸ ਦੀ ਗੂੰਜ ਦੁਨੀਆਂ ਭਰ ‘ਚ ਹੋਈ ਹੈ ਤੇ ਇਸੇ ਸਦਕਾ ਫਰਾਂਸ ਸਰਕਾਰ ਨੇ ਸਾਨੂੰ ਆਕਸੀਜ਼ਨ ਕਨਸਨਰੇਟਰ ਪਲਾਂਟ ਭੇਜਿਆ ਹੈ। ਉਹਨਾਂ ਕਿਹਾ ਕਿ ਕਮੇਟੀ ਦੇ ਕੰਮਾਂ ਕਾਰਨ ਸਿੱਖਾਂ ਦੀ ਦੁਨੀਆਂ ਭਰ ‘ਚ ਚੜਤ ਹੋਈ ਹੈ, ਪਰ ਸਾਡੇ ਵਿਰੋਧੀਆਂ ਤੋਂ ਇਹ ਗੱਲ ਬਰਦਾਸ਼ਤ ਨਹੀਂ ਹੋਈ ਤੇ ਇਸੇ ਕਾਰਨ ਉਹ ਆਏ ਦਿਨ ਕੋਈ ਨਾਂ ਕੋਈ ਨਵਾਂ ਦੋਸ਼ ਸਾਹਮਣੇ ਲੈ ਆਉਂਦੇ ਹਨ ਜਿਸਦਾ ਕੋਈ ਸਿਰ ਪੈਰ ਨਹੀਂ ਹੁੰਦਾ।

Share This Article
Leave a Comment