ਨਵੀਂ ਦਿੱਲੀ : ਦੇਸ਼ ‘ਚ ਕੋਰੋਨਾ ਦੇ ਦਿਨੋਂ ਦਿਨ ਵੱਧ ਰਹੇ ਮਾਮਲਿਆਂ ਦੇ ਕਾਰਨ ਲੋਕਾਂ ‘ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਇਸ ‘ਚ ਹੀ ਬੀਤੇ ਐਤਵਾਰ ਦਿੱਲੀ ਦੇ ਦੁਆਰਕਾ ਇਲਾਕੇ ‘ਚ ਆਈਆਰਐੱਸ ਅਧਿਕਾਰੀ ਸ਼ਿਵਰਾਜ ਸਿੰਘ (56) ਨੇ ਕੋਰੋਨਾ ਦੇ ਖੌਫ ਕਾਰਨ ਤੇਜ਼ਾਬ ਪੀ ਕੇ ਖੁਦਕੁਸ਼ੀ ਕਰ ਲਈ ਹੈ। ਦੱਸ ਦਈਏ ਕਿ ਤਿੰਨ ਦਿਨ ਪਹਿਲਾਂ ਮ੍ਰਿਤਕ ਸ਼ਿਵਰਾਜ ਸਿੰਘ ਦਾ ਕੋਰੋਨਾ ਟੈਸਟ ਕੀਤਾ ਗਿਆ ਸੀ ਜਿਸ ਦੀ ਰਿਪੋਰਟ ਨੈਗੇਟਿਵ ਆਈ ਸੀ। ਸ਼ਿਵਰਾਜ ਸਿੰਘ ਨੂੰ ਡਰ ਸੀ ਕਿ ਉਸ ਦੇ ਕੋਰੋਨਾ ਸੰਕਰਮਿਤ ਹੋਣ ‘ਤੇ ਉਸ ਦੇ ਪਰਿਵਾਰ ਵਾਲੇ ਪ੍ਰੇਸ਼ਾਨ ਹੋ ਜਾਣਗੇ। ਜਿਸ ਦੇ ਚੱਲਦਿਆਂ ਐਤਵਾਰ ਸ਼ਾਮ ਨੂੰ ਸ਼ਿਵਰਾਜ ਨੇ ਆਪਣੇ ਘਰ ਦੇ ਬਾਹਰ ਗੱਡੀ ‘ਚ ਬੈਠ ਕੇ ਤੇਜ਼ਾਬ ਪੀ ਲਿਆ।
ਤੇਜ਼ਾਬ ਪੀਣ ਤੋਂ ਬਾਅਦ ਸ਼ਿਵਰਾਜ ਸਿੰਘ ਦੀ ਹਾਲਤ ਕਾਫੀ ਖਰਾਬ ਹੋ ਗਈ। ਜਿਸ ਤੋਂ ਬਾਅਦ ਉਸ ਦੇ ਪਰਿਵਾਰ ਵਾਲੇ ਉਸ ਨੂੰ ਲੈ ਕੇ ਹਸਪਤਾਲ ਪਹੁੰਚੇ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਦੁਆਰਕਾ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਦੇ ਅਨੁਸਾਰ 2006 ਦੇ ਆਈਆਰਐਸ ਅਧਿਕਾਰੀ ਸ਼ਿਵਰਾਜ ਸਿੰਘ (56) ਦੁਆਰਕਾ ਦੇ ਸੈਕਟਰ 6 ਵਿੱਚ ਸਨਮਤੀ ਅਪਾਰਟਮੈਂਟ ਵਿੱਚ ਰਹਿੰਦੇ ਸਨ ਜੋ ਕਿ ਇਨਕਮ ਟੈਕਸ ਵਿਭਾਗ ਦੇ ਵਧੀਕ ਕਮਿਸ਼ਨਰ ਦੇ ਅਹੁਦੇ ‘ਤੇ ਤਾਇਨਾਤ ਸਨ।
ਦੁਆਰਾ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਸ਼ਿਵਰਾਜ ਸਿੰਘ ਕੋਲੋਂ ਇੱਕ ਸੁਸਾਈਡ ਨੋਟ ਮਿਲਿਆ ਹੈ ਜਿਸ ਵਿਚ ਉਸਨੇ ਆਪਣੇ ਬੱਚਿਆਂ ਨੂੰ ਪ੍ਰੇਸ਼ਾਨ ਨਾ ਕਰਨ ਦੀ ਗੱਲ ਕਹੀ ਹੈ ਅਤੇ ਨਾਲ ਸੁਸਾਇਡ ਨੋਟ ‘ਚ ਦਫਤਰ ਵੱਲੋਂ ਪ੍ਰੇਸ਼ਾਨ ਨਾ ਹੋਣ ਦੀ ਗੱਲ ਕਹੀ ਗਈ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸੀਨੀਅਰ ਆਈਆਰਐਸ ਅਧਿਕਾਰੀ ਕੇਸ਼ਵ ਸਕਸੈਨਾ ਨੇ ਵੀ ਚਾਣਕਿਆਪੁਰੀ ਖੇਤਰ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ।