ਚੰਡੀਗੜ੍ਹ: ਹਰਿਆਣਾ ਸਿਹਤ ਵਿਭਾਗ ‘ਚ ਡਾਕਟਰਾਂ ਦੀਆਂ 777 ਖਾਲੀ ਅਸਾਮੀਆਂ ਨੂੰ ਹੁਣ ਤੱਕ ਪੂਰੀ ਤਰ੍ਹਾਂ ਨਹੀਂ ਭਰਿਆ ਜਾ ਸਕਿਆ। ਪਹਿਲੇ ਪੜਾਅ ‘ਚ 777 ‘ਚੋਂ 502 ਡਾਕਟਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਸਨ। ਇਸ ਤੋਂ ਬਾਅਦ, ਬਾਕੀ 275 ਅਸਾਮੀਆਂ ਲਈ ਵੇਟਿੰਗ ਲਿਸਟ ‘ਚੋਂ 126 ਡਾਕਟਰਾਂ ਨੂੰ ਦਸਤਾਵੇਜ਼ ਵੈਰੀਫਿਕੇਸ਼ਨ ਤੋਂ ਬਾਅਦ ਨਿਯੁਕਤੀ ਪੱਤਰ ਦਿੱਤੇ ਜਾਣੇ ਹਨ। ਪਰ ਇਹ ਡਾਕਟਰ ਪਿਛਲੇ ਦੋ ਮਹੀਨਿਆਂ ਤੋਂ ਜੁਆਇਨਿੰਗ ਦੀ ਉਡੀਕ ਕਰ ਰਹੇ ਹਨ, ਪਰ ਹੁਣ ਤੱਕ ਉਨ੍ਹਾਂ ਨੂੰ ਨਿਯੁਕਤੀ ਪੱਤਰ ਨਹੀਂ ਮਿਲੇ।
ਨਿਯੁਕਤੀ ਪੱਤਰਾਂ ‘ਚ ਦੇਰੀ
ਸੂਤਰਾਂ ਅਨੁਸਾਰ, ਇਨ੍ਹਾਂ 126 ਡਾਕਟਰਾਂ ਦੀਆਂ ਨਿਯੁਕਤੀ ਨਾਲ ਜੁੜੀ ਫਾਈਲ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਦਫਤਰ ‘ਚ ਪਹੁੰਚ ਗਈਆਂ ਹਨ। ਮੁੱਖ ਮੰਤਰੀ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਇਨ੍ਹਾਂ ਡਾਕਟਰਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾਣਗੇ।
ਦਸਤਾਵੇਜ਼ ਵੈਰੀਫਿਕੇਸ਼ਨ ਦਾ ਅਗਲਾ ਪੜਾਅ
ਹੁਣ ਵੇਟਿੰਗ ਲਿਸਟ ‘ਚੋਂ 126 ਡਾਕਟਰਾਂ ਦੀ ਜੁਆਇਨਿੰਗ ਪਹਿਲਾਂ ਹੀ ਪੈਂਡਿੰਗ ਹੈ, ਅਤੇ ਵਿਭਾਗ ਨੇ ਵੇਟਿੰਗ ਲਿਸਟ ‘ਚੋਂ ਹੀ 58 ਹੋਰ ਡਾਕਟਰਾਂ ਨੂੰ ਦਸਤਾਵੇਜ਼ ਵੈਰੀਫਿਕੇਸ਼ਨ ਲਈ ਬੁਲਾਇਆ ਹੈ। ਇਨ੍ਹਾਂ ਨੂੰ ਪੰਚਕੂਲਾ ਸਥਿਤ ਸਿਹਤ ਵਿਭਾਗ ਦੇ ਮੁੱਖ ਦਫਤਰ ‘ਚ ਸਵੇਰੇ 10 ਵਜੇ ਦਸਤਾਵੇਜ਼ ਜਾਂਚ ਅਤੇ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਲਈ ਬੁਲਾਇਆ ਗਿਆ ਹੈ। ਇਹ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ, ਇਨ੍ਹਾਂ ਡਾਕਟਰਾਂ ਨੂੰ ਨਿਯੁਕਤੀ ਪੱਤਰ ਦੇ ਕੇ ਸੂਬੇ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ‘ਚ ਡਾਕਟਰਾਂ ਦੀ ਕਮੀ ਨੂੰ ਪੂਰਾ ਕੀਤਾ ਜਾਵੇਗਾ।
ਇਨ੍ਹਾਂ 777 ਖਾਲੀ ਅਸਾਮੀਆਂ ਲਈ ਰੋਹਤਕ ਪੀਜੀਆਈ ਵੱਲੋਂ ਲਿਖਤੀ ਪ੍ਰੀਖਿਆ ਲਈ ਗਈ ਸੀ। ਪ੍ਰੀਖਿਆ ਦਾ ਨਤੀਜਾ ਸਿਹਤ ਵਿਭਾਗ ਨੂੰ ਭੇਜਿਆ ਜਾ ਚੁੱਕਾ ਹੈ। ਸ਼ਾਰਟਲਿਸਟ ਕੀਤੇ ਉਮੀਦਵਾਰਾਂ ਨੂੰ ਹੁਣ ਦਸਤਾਵੇਜ਼ ਜਾਂਚ ਅਤੇ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਲਈ ਬੁਲਾਇਆ ਜਾ ਰਿਹਾ ਹੈ।