ਕੈਪਟਨ ਅਮਰਿੰਦਰ ਸਿੰਘ ਦੇ ਰੋਡ ਸ਼ੋਅ ਦੌਰਾਨ ਪਟਿਆਲਾ ਪਹੁੰਚੇ ਰੱਖਿਆ ਮੰਤਰੀ ਰਾਜਨਾਥ ਸਿੰਘ 

TeamGlobalPunjab
4 Min Read

ਪਟਿਆਲਾ- ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅੱਜ ਪਟਿਆਲਾ ਵਿੱਚ ਰੋਡ ਸ਼ੋਅ ਕਰ ਰਹੇ ਹਨ। ਰੋਡ ਸ਼ੋਅ ‘ਚ ਹਿੱਸਾ ਲੈਣ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਪਹੁੰਚ ਗਏ ਹਨ। ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਭਾਜਪਾ ਨਾਲ ਗਠਜੋੜ ਕਰਕੇ ਚੋਣਾਂ ਲੜ ਰਹੀ ਹੈ। ਰਾਜਨਾਥ ਸਿੰਘ ਪਟਿਆਲਾ ਦੇ ਅਨਾਰਦਾਨਾ ਚੌਕ ਪੁੱਜੇ ਅਤੇ ਰੋਡ ਸ਼ੋਅ ਵਿੱਚ ਸ਼ਾਮਲ ਹੋਏ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਸ਼ਹਿਰ ਦੇ ਕਿਲਾ ਚੌਕ ਤੋਂ ਰੋਡ ਸ਼ੋਅ ਦੀ ਸ਼ੁਰੂਆਤ ਕੀਤੀ।

ਰਾਜਨਾਥ ਸਿੰਘ ਵੀ ਬੀਤੇ ਦਿਨ ਪੰਜਾਬ ਵਿੱਚ ਸਨ ਅਤੇ ਕਈ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਰਾਜਨਾਥ ਨੇ ਚਰਨਜੀਤ ਸਿੰਘ ਚੰਨੀ ਵੱਲੋਂ ਯੂਪੀ-ਬਿਹਾਰ ਦੇ ਲੋਕਾਂ ਨੂੰ ਲੈ ਕੇ ਦਿੱਤੇ ਵਿਵਾਦਤ ਬਿਆਨ ਦੀ ਨਿਖੇਧੀ ਕਰਦਿਆਂ ਤਿੱਖਾ ਨਿਸ਼ਾਨਾ ਸਾਧਿਆ। ਅੰਮ੍ਰਿਤਸਰ ‘ਚ 19 ਮਿੰਟ ਦੇ ਆਪਣੇ ਭਾਸ਼ਣ ‘ਚ ਉਨ੍ਹਾਂ ਦਾ ਧਿਆਨ ਚੰਨੀ ‘ਤੇ ਜ਼ਿਆਦਾ ਰਿਹਾ। ਮੋਗਾ ‘ਚ ਚੰਨੀ ਨੂੰ ਖੁੱਲ੍ਹੀ ਚੁਣੌਤੀ ਦੇ ਕੇ ਕਿਹਾ, ‘ਮੈਂ ਦੇਖਦਾ ਹਾਂ ਕਿ ਯੂਪੀ-ਬਿਹਾਰ ਦੇ ਲੋਕਾਂ ਨੂੰ ਰੋਕਣ ਦੀ ਹਿੰਮਤ ਕਿਸ ‘ਚ ਹੈ। ਉੱਤਰ ਪ੍ਰਦੇਸ਼ ਵਿੱਚ ਵੀ ਜੇਕਰ ਕੋਈ ਕਿਸੇ ਪੰਜਾਬੀ ਨੂੰ ਛੂਹਦਾ ਹੈ ਤਾਂ ਉਸ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ।

ਉਨ੍ਹਾਂ ਨੇ ਕਿਹਾ ਕਿ ਚੰਨੀ ਅਤੇ ਕਾਂਗਰਸ ਦੱਸਣ ਕਿ ਕੀ ਇਹ ਸੰਦੇਸ਼ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਹੈ। ਗੁਰੂ ਜੀ ਦਾ ਸੰਦੇਸ਼ ਸਾਰਿਆਂ ਨਾਲ ਬਣਾਈ ਅਤੇ ਸਭ ਦੇ ਭਲਾਈ ਲਈ ਸੀ। ਚੰਨੀ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ ਅਤੇ ਯੂਪੀ ਅਤੇ ਬਿਹਾਰ ਦੇ ਲੋਕਾਂ ਪ੍ਰਤੀ ਵੱਖਵਾਦ ਦੀ ਭਾਵਨਾ ਮਨਾਂ ਵਿੱਚ ਨਹੀਂ ਰੱਖਣੀ ਚਾਹੀਦੀ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਕਾਂਗਰਸ ਸਮਾਜ ਨੂੰ ਵੰਡ ਕੇ ਸੱਤਾ ਹਾਸਲ ਕਰਨਾ ਚਾਹੁੰਦੀ ਹੈ। ਦੁੱਖ ਦੀ ਗੱਲ ਇਹ ਹੈ ਕਿ ਜਦੋਂ ਚੰਨੀ ਬੋਲ ਰਹੇ ਸੀ ਤਾਂ ਪ੍ਰਿਅੰਕਾ ਗਾਂਧੀ ਤਾੜੀਆਂ ਵਜਾ ਰਹੀ ਸੀ। ਚੰਨੀ ਨੇ ਅਜਿਹਾ ਬਿਆਨ ਦੇ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਦਾ ਅਪਮਾਨ ਕੀਤਾ ਹੈ।

ਨੰਗਲ ਵਿੱਚ ਉਨ੍ਹਾਂ ਨੇ ਕਿਹਾ ਕਿ ਜਿੱਥੇ ਪੰਜਾਬ ਨੂੰ ਪੰਜਾਬ ਬਣਾਉਣ ਵਿੱਚ ਇੱਥੋਂ ਦੇ ਲੋਕਾਂ ਦਾ ਯੋਗਦਾਨ ਬਹੁਤ ਵੱਡਾ ਹੈ, ਉੱਥੇ ਦੇਸ਼ ਦੇ ਹੋਰਨਾਂ ਹਿੱਸਿਆਂ ਦੇ ਲੋਕਾਂ ਦਾ ਵੀ ਯੋਗਦਾਨ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਦਾ ਸਿੱਖ ਸਮਾਜ ਦੇਸ਼ ਦੀ ਆਤਮਾ ਹੈ। ਉਹ ਕਿਵੇਂ ਭੁੱਲ ਸਕਦੇ ਹਨ, ਮਹਾਰਾਜਾ ਰਣਜੀਤ ਸਿੰਘ ਨੇ ਹਰਿਮੰਦਰ ਸਾਹਿਬ ਦੇ ਨਾਲ-ਨਾਲ ਕਾਸ਼ੀ ਵਿਸ਼ਵਨਾਥ ਮੰਦਿਰ ਵਿੱਚ ਵੀ ਸੋਨੇ ਦੀ ਛੱਤਰੀ ਲਗਾਈ ਸੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੰਘਰਸ਼ ਅਤੇ ਉਨ੍ਹਾਂ ਦੇ ਚਾਰ ਸਾਹਿਬਜ਼ਾਦਿਆਂ ਅਤੇ ਪਿਤਾ ਦੀ ਕੁਰਬਾਨੀ ਨੂੰ ਕੌਣ ਭੁੱਲ ਸਕਦਾ ਹੈ। ਕੇਜਰੀਵਾਲ ‘ਤੇ ਨਿਸ਼ਾਨਾ ਸਾਧਦੇ ਹੋਏ ਰਾਜਨਾਥ ਨੇ ਕਿਹਾ ਕਿ ਇੱਕ ਨੇ ਪੰਜਾਬ ਨੂੰ ਲੁੱਟਿਆ ਹੈ ਅਤੇ ਦੂਜਾ ਜੋ ਦਿੱਲੀ ਤੋਂ ਸਰਕਾਰ ਬਣਾਉਣ ਦਾ ਦਾਅਵਾ ਕਰ ਰਿਹਾ ਹੈ, ਦਿੱਲੀ ਦੇ ਲੋਕਾਂ ਤੋਂ ਪੁੱਛੋ ਕਿ ਉਸ ਨੇ ਕੀ ਕੀਤਾ ਹੈ। ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਤੋਂ ਦੂਰ ਰਹਿਣਾ ਚਾਹੀਦਾ ਹੈ।

- Advertisement -

ਚੰਨੀ ਅਤੇ ਸਿੱਧੂ ਦਾ ਨਾਂ ਲਏ ਬਿਨਾਂ ਉਨ੍ਹਾਂ ਨੇ ਕਿਹਾ ਕਿ ਦੋਵੇਂ ਇੱਕੋ ਕਰੀਜ਼ ‘ਤੇ ਬੱਲੇਬਾਜ਼ੀ ਕਰ ਰਹੇ ਹਨ ਅਤੇ ਕੋਈ ਵੀ ਨਾਨ-ਸਟਰਾਈਕਰ ਨਹੀਂ ਬਣਨਾ ਚਾਹੁੰਦਾ। ਦੋਵੇਂ ਬਾਹਰ ਹੋ ਜਾਣਗੇ। ਚੰਨੀ ਬਿਨਾਂ ਫੌਜ ਦੇ ਕਮਾਂਡਰ ਹੈ। ਰੱਖਿਆ ਮੰਤਰੀ ਨੇ ਦਾਅਵਾ ਕੀਤਾ ਕਿ ਜੇਕਰ ਕੋਈ ਪਾਰਟੀ ਪੰਜਾਬ ਵਿੱਚ ਨਸ਼ਿਆਂ ਨੂੰ ਰੋਕ ਸਕਦੀ ਹੈ ਤਾਂ ਉਹ ਭਾਜਪਾ ਹੈ। ਉਨ੍ਹਾਂ ਦੀ ਸਰਕਾਰ ਬਣਾ ਕੇ ਦੇਖੋ, ਫਿਰ ਦੇਖਾਂਗੇ ਕਿ ਕਿਸ ਨੇ ਮਾਂ ਦਾ ਦੁੱਧ ਪੀਤਾ ਹੈ, ਜੋ ਇੱਥੇ ਨਸ਼ੇ ਦਾ ਕਾਰੋਬਾਰ ਕਰਦਾ ਹੈ। ਅਸੀਂ ਦੇਖਾਂਗੇ ਕਿ ਕੌਣ ਮਾਈ ਦਾ ਲਾਲ ਭ੍ਰਿਸ਼ਟਾਚਾਰ ਕਰਦਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment