ਦੀਪ ਸਿੱਧੂ ਚੜ੍ਹਿਆ ਦਿੱਲੀ ਪੁਲੀਸ ਦੇ ਅੜਿੱਕੇ, ਜ਼ੀਰਕਪੁਰ ਤੋਂ ਕੀਤਾ ਕਾਬੂ

TeamGlobalPunjab
2 Min Read

ਮੁਹਾਲੀ: ਦਿੱਲੀ ਵਿੱਚ 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ‘ਤੇ ਹਿੰਸਾ ਭੜਕਾਉਣ ਦੇ ਇਲਜ਼ਾਮਾਂ ਹੇਠ ਪੰਜਾਬੀ ਅਦਾਕਾਰ ਦੀਪ ਸਿੱਧੂ ਨੂੰ ਦਿੱਲੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੀਪ ਸਿੱਧੂ ਖ਼ਿਲਾਫ਼ ਲਾਲ ਕਿਲ੍ਹੇ ‘ਤੇ ਧਾਰਮਿਕ ਝੰਡਾ ਲਹਿਰਾਉਣ ਅਤੇ ਲੋਕਾਂ ਨੂੰ ਉਕਸਾਉਣ ਦੇ ਇਲਜ਼ਾਮ ਹਨ। ਇਸ ਮਾਮਲੇ ਵਿਚ ਦੀਪ ਸਿੱਧੂ ਦਿੱਲੀ ਪੁਲੀਸ ਨੂੰ ਲੋੜੀਂਦਾ ਸੀ। ਦਿੱਲੀ ਪੁਲੀਸ ਨੇ ਦੀਪ ਸਿੱਧੂ ਦੇ ਖਿਲਾਫ਼ ਦੇਸ਼ਧ੍ਰੋਹ ਅਤੇ ਯੂਏਪੀਏ ਦੀ ਧਾਰਾ ਵੀ ਦਰਜ ਕੀਤੀ ਹੈ।

ਲਾਲ ਕਿਲ੍ਹਾ ਹਿੰਸਾ ਤੋਂ ਬਾਅਦ ਦੀਪ ਸਿੱਧੂ ਲਗਾਤਾਰ ਫ਼ਰਾਰ ਚੱਲ ਰਿਹਾ ਸੀ। ਜਿਸ ਤੋਂ ਬਾਅਦ ਦਿੱਲੀ ਪੁਲੀਸ ਨੇ ਪੰਜਾਬੀ ਅਦਾਕਾਰ ਦੀ ਜਾਣਕਾਰੀ ਦੇਣ ਵਾਲੇ ਨੂੰ ਇੱਕ ਲੱਖ ਰੁਪਏ ਇਨਾਮ ਦੇਣ ਦਾ ਵੀ ਐਲਾਨ ਕੀਤਾ ਸੀ। ਦਿੱਲੀ ਪੁਲੀਸ ਨੇ ਦੀਪ ਸਿੱਧੂ ਨੂੰ ਮੁਹਾਲੀ ਦੇ ਜ਼ੀਰਕਪੁਰ ਤੋਂ ਗ੍ਰਿਫਤਾਰ ਕੀਤਾ ਹੈ।

ਦਿੱਲੀ ਪੁਲੀਸ ਦੇ ਸੂਤਰਾਂ ਮੁਤਾਬਕ ਦੀਪ ਸਿੱਧੂ ਅਮਰੀਕਾ ਦੇ ਕੈਲੀਫੋਰਨੀਆ ‘ਚ ਰਹਿਣ ਵਾਲੀ ਆਪਣੀ ਮਹਿਲਾ ਮਿੱਤਰ ਦੇ ਸੰਪਰਕ ਵਿੱਚ ਸੀ। ਦੀਪ ਸਿੱਧੂ ਸੋਸ਼ਲ ਮੀਡੀਆ ‘ਤੇ ਜਿਹੜੀ ਵੀ ਵੀਡੀਓ ਅਪਲੋਡ ਕਰਦਾ ਸੀ, ਸਭ ਤੋਂ ਪਹਿਲਾਂ ਉਸ ਨੂੰ ਉਹ ਆਪਣੀ ਮਹਿਲਾ ਮਿੱਤਰ ਕੋਲ ਭੇਜਦਾ ਸੀ, ਫਿਰ ਉਹ ਲੜਕੀ ਦੀਪ ਸਿੱਧੂ ਦੇ ਸੋਸ਼ਲ ਮੀਡੀਆ ਅਕਾਉਂਟ ‘ਤੇ ਅਪਲੋਡ ਕਰਦੀ ਸੀ। ਦਿੱਲੀ ਪੁਲੀਸ ਮੁਤਾਬਕ ਦੀਪ ਸਿੱਧੂ ਅਜਿਹਾ ਕੰਮ ਇਸ ਲਈ ਕਰਦਾ ਸੀ, ਕਿ ਫੇਸਬੁੱਕ ਅਕਾਊਂਟ ਰਾਹੀਂ ਦਿੱਲੀ ਪੁਲੀਸ ਉਸ ਨੂੰ ਗ੍ਰਿਫ਼ਤਾਰ ਨਾ ਕਰ ਸਕੇ। ਦੀਪ ਸਿੱਧੂ ਦੀ ਗ੍ਰਿਫ਼ਤਾਰੀ ਸਬੰਧੀ ਦਿੱਲੀ ਪੁਲਿਸ ਹੋਰ ਵੱਡੇ ਖੁਲਾਸੇ ਥੋੜ੍ਹੀ ਦੇਰ ਵਿੱਚ ਕਰੇਗੀ।

Share This Article
Leave a Comment