ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਪਾਸੋਂ ਹਰੀ ਝੰਡੀ ਮਿਲਣ ਨਾਲ ਪੰਜਾਬ ਐਲਕਲੀਜ਼ ਤੇ ਕੈਮੀਕਲ ਲਿਮਟਡ (ਪੀ.ਏ.ਸੀ.ਐਲ.) ਦੇ ਅੱਪਨਿਵੇਸ਼ ਲਈ ਰਾਹ ਪੱਧਰਾ ਹੋ ਗਿਆ।
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੰਤਰੀ ਮੰਡਲ ਨੇ ਪੀ.ਏ.ਸੀ.ਐਲ. ਦੀ ਵਿਸ਼ੇਸ਼ ਜਨਰਲ ਮੀਟਿੰਗ (ਈ.ਜੀ.ਐਮ.) ਦੀ ਰਿਪੋਰਟ ਦੇ ਨਾਲ-ਨਾਲ 17 ਸਤੰਬਰ ਨੂੰ ਮੰਤਰੀਆਂ ਦੇ ਉਚ ਤਾਕਤੀ ਸਮੂਹ ਦੀਆਂ ਸਿਫਾਰਸ਼ਾਂ ਨੂੰ ਪ੍ਰਵਾਨ ਕਰਦਿਆਂ ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ (ਪੀ.ਐਸ.ਆਈ.ਡੀ.ਸੀ.) ਰਾਹੀਂ ਪੰਜਾਬ ਸਰਕਾਰ ਵੱਲੋਂ ਰੱਖੀ ਗਈ ਪੀ.ਏ.ਸੀ.ਐਲ. ਦੀ 33.49 ਫੀਸਦੀ ਬਰਾਬਰ ਹਿੱਸੇਦਾਰੀ ਦੇ ਅੱਪਨਿਵੇਸ਼ ਲਈ ਹਰੀ ਝੰਡੀ ਦੇ ਦਿੱਤੀ ਹੈ।
22 ਸਤੰਬਰ, 2020 ਨੂੰ ਹੋਈ ਵਿਸ਼ੇਸ਼ ਜਨਰਲ ਮੀਟਿੰਗ ਦੌਰਾਨ ਅੱਪਨਿਵੇਸ਼ ਬਾਰੇ ਹਾਲ ਹੀ ਵਿੱਚ ਗਠਿਤ ਕੀਤੇ ਅਫਸਰਾਂ ਦੇ ਕੋਰ ਗਰੁੱਪ ਦੀ ਵਿਸਥਾਰਤ ਰਿਪੋਰਟ ਨੂੰ ਵਿਚਾਰਨ ਤੋਂ ਬਾਅਦ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਕਿ ਪੰਜਾਬ ਸਰਕਾਰ/ਪੀ.ਐਸ.ਆਈ.ਡੀ.ਸੀ. ਨੂੰ ਕੋਰ ਗਰੁੱਪ ਦੀਆਂ ਸਿਫਾਰਸ਼ਾਂ ਦੇ ਮੁਤਾਬਕ ਪੀ.ਏ.ਸੀ.ਐਲ. ਦੇ ਸ਼ੇਅਰਾਂ ਦੇ ਅੱਪਨਿਵੇਸ਼ ਲਈ ਅੱੱਗੇ ਵਧਣਾ ਚਾਹੀਦਾ ਹੈ।
ਮੰਤਰੀ ਮੰਡਲ ਨੇ ਇਸ ਨੂੰ ਮੁੜ ਮੰਤਰੀ ਮੰਡਲ ਵਿੱਚ ਲਿਆਉਣ ਦੀ ਥਾਂ ਮਾਮੂਲੀ ਸੋਧਾਂ ਲਈ ਮਨਜ਼ੂਰੀ ਦੇਣ ਵਾਸਤੇ ਮੁੱਖ ਮੰਤਰੀ ਨੂੰ ਅਧਿਕਾਰਤ ਕੀਤਾ ਹੈ। ਇਹ ਵੀ ਨਿਰਧਾਰਤ ਕੀਤਾ ਗਿਆ ਕਿ ਇਸ ਸਬੰਧ ਵਿੱਚ ਕਾਗਜ਼ੀ ਕੰਮਕਾਜ ਅਤੇ ਹੋਰ ਲੋੜੀਂਦੀ ਪ੍ਰਕ੍ਰਿਆ ਉਦਯੋਗ ਵਿਭਾਗ ਵੱਲੋਂ ਚਲਾਈ ਜਾਵੇਗੀ।
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੀਟਿੰਗ ਦੌਰਾਨ ਦੱਸਿਆ ਕਿ ਸੂਬੇ ਨੂੰ ਪੀ.ਐਸ.ਆਈ.ਡੀ.ਸੀ. ਰਾਹੀਂ ਦਿੱਤੇ ਗਏ ਆਪਣੇ ਹਿੱਸੇ ਵਿੱਚੋਂ 42 ਕਰੋੜ ਰੁਪਏ ਮਿਲਣਗੇ ਜਿਸ ਦਾ ਸਰਕਾਰ ਦੇ ਪੱਧਰ ‘ਤੇ ਲਿਆ ਗਿਆ ਕਰਜ਼ਾ ਮੌਜੂਦਾ ਸਮੇਂ 900 ਕਰੋੜ ਰੁਪਏ ਹੈ।