ਨਿਊਜ਼ ਡੈਸਕ: ਬਰਤਾਨੀਆ ਦੇ ਓਲਡਬਰੀ ਪਾਰਕ ਵਿੱਚ ਭਾਰਤੀ ਮੂਲ ਦੀ ਇੱਕ 20 ਸਾਲਾ ਸਿੱਖ ਨੌਜਵਾਨ ਲੜਕੀ ਨਾਲ ਨਸਲੀ ਹਮਲੇ ਅਤੇ ਸਮੂਹਿਕ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਮੰਗਲਵਾਰ ਸਵੇਰੇ ਲਗਭਗ 8:30 ਵਜੇ ਦਿਨ-ਦਿਹਾੜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਹ ਹਮਲਾ ਸਿਰਫ਼ ਜਿਨਸੀ ਅਪਰਾਧ ਹੀ ਨਹੀਂ ਸੀ, ਸਗੋਂ ਇਸ ਵਿੱਚ ਨਸਲੀ ਟਿੱਪਣੀਆਂ ਵੀ ਸ਼ਾਮਲ ਸਨ, ਜਿਸ ਕਾਰਨ ਪੁਲਿਸ ਇਸ ਨੂੰ ਨਸਲੀ ਹਮਲੇ ਵਜੋਂ ਜਾਂਚ ਕਰ ਰਹੀ ਹੈ।
ਪੀੜਤ ਨੌਜਵਾਨ ਨੇ ਪੁਲਿਸ ਨੂੰ ਦੱਸਿਆ ਕਿ ਹਮਲਾਵਰਾਂ ਨੇ ਉਸ ਨੂੰ ਕਿਹਾ, “ਆਪਣੇ ਦੇਸ਼ ਵਾਪਸ ਜਾਓ, ਤੁਹਾਡਾ ਇਸ ਦੇਸ਼ ‘ਤੇ ਕੋਈ ਹੱਕ ਨਹੀਂ ਹੈ।” ਇਸ ਬਿਆਨ ਤੋਂ ਬਾਅਦ ਇਲਾਕੇ ਵਿੱਚ ਗੁੱਸੇ ਅਤੇ ਚਿੰਤਾ ਦਾ ਮਾਹੌਲ ਹੈ।
ਦੋ ਹਮਲਾਵਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ, ਤਲਾਸ਼ ਜਾਰੀ
ਪੁਲਿਸ ਜਾਂਚ ਵਿੱਚ ਹੁਣ ਤੱਕ ਪਤਾ ਲੱਗਿਆ ਹੈ ਕਿ ਇਸ ਵਾਰਦਾਤ ਵਿੱਚ ਦੋ ਵਿਅਕਤੀ ਸ਼ਾਮਲ ਸਨ। ਪੁਲਿਸ ਅਨੁਸਾਰ, ਦੋਵੇਂ ਹਮਲਾਵਰ ਗੋਰੇ (ਅੰਗਰੇਜ਼) ਸਨ। ਇੱਕ ਸ਼ੱਕੀ ਦਾ ਸਰੀਰ ਥੋੜ੍ਹਾ ਭਾਰੀ ਸੀ ਅਤੇ ਸਿਰ ਮੁੰਨਿਆ ਹੋਇਆ ਸੀ, ਜਿਸ ਨੇ ਕਾਲੀ ਸਵੈਟਸ਼ਰਟ ਅਤੇ ਦਸਤਾਨੇ ਪਾਏ ਹੋਏ ਸਨ। ਦੂਜਾ ਸ਼ੱਕੀ ਸਲੇਟੀ ਰੰਗ ਦਾ ਟਾਪ ਪਹਿਨਿਆ ਹੋਇਆ ਸੀ, ਜਿਸ ‘ਤੇ ਸਿਲਵਰ ਜ਼ਿੱਪ ਸੀ। ਇਹ ਹੁਲੀਆ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਪਛਾਣਿਆ ਹੈ।
ਘਟਨਾ ਤੋਂ ਬਾਅਦ ਵੈਸਟ ਮਿਡਲੈਂਡਸ ਪੁਲਿਸ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਨੂੰ ਤੇਜ਼ ਕਰ ਦਿੱਤਾ। ਫੋਰੈਂਸਿਕ ਟੀਮਾਂ ਮਾਮਲੇ ਦੀ ਤਹਿਕੀਕਾਤ ਕਰ ਰਹੀਆਂ ਹਨ। ਪੁਲਿਸ ਬੁਲਾਰੇ ਨੇ ਕਿਹਾ ਕਿ ਇਸ ਘਟਨਾ ਨੇ ਸਥਾਨਕ ਭਾਈਚਾਰੇ ਵਿੱਚ ਗੁੱਸਾ ਅਤੇ ਡਰ ਪੈਦਾ ਕੀਤਾ ਹੈ। ਅਸੀਂ ਪੀੜਤਾ ਨੂੰ ਇਨਸਾਫ ਦਵਾਉਣ ਅਤੇ ਦੋਸ਼ੀਆਂ ਨੂੰ ਫੜਨ ਲਈ ਹਰ ਸੰਭਵ ਕਦਮ ਚੁੱਕ ਰਹੇ ਹਾਂ।
ਯੂਕੇ ਸਿੱਖ ਫੈਡਰੇਸ਼ਨ ਦੀ ਸਖ਼ਤ ਨਿੰਦਾ
ਯੂਕੇ ਸਿੱਖ ਫੈਡਰੇਸ਼ਨ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਸਰਕਾਰ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਫੈਡਰੇਸ਼ਨ ਦੇ ਮੁਖੀ ਦਵਿੰਦਰਜੀਤ ਸਿੰਘ ਨੇ ਕਿਹਾ, “ਅਸੀਂ ਸਾਰੇ ਸਿਆਸੀ ਦਲਾਂ ਨੂੰ ਇਸ ਹਮਲੇ ਦੀ ਸਰਵਜਨਕ ਨਿੰਦਾ ਕਰਨ ਦੀ ਅਪੀਲ ਕਰਦੇ ਹਾਂ।” ਉਨ੍ਹਾਂ ਨੇ ਯੂਕੇ ਵਿੱਚ ਰਹਿਣ ਵਾਲੇ ਸਿੱਖ ਭਾਈਚਾਰੇ ਨੂੰ ਵੀ ਸੁਚੇਤ ਰਹਿਣ ਦੀ ਸਲਾਹ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਇਹ ਹਮਲਾ ਦਿਨ-ਦਿਹਾੜੇ ਵਿਅਸਤ ਸੜਕ ‘ਤੇ ਹੋਇਆ, ਪਰ ਹੁਣ ਤੱਕ ਕਿਸੇ ਵੀ ਰਾਜਨੇਤਾ ਨੇ ਇਸ ਨਸਲੀ ਅਤੇ ਜਿਨਸੀ ਹਮਲੇ ਦੀ ਜਨਤਕ ਨਿੰਦਾ ਨਹੀਂ ਕੀਤੀ। ਉਨ੍ਹਾਂ ਨੇ ਮੌਜੂਦਾ ਸਿਆਸੀ ਮਾਹੌਲ ਨੂੰ ਪਾਪੂਲਿਜ਼ਮ ਅਤੇ ਪ੍ਰਵਾਸੀ-ਵਿਰੋਧੀ ਰਾਜਨੀਤੀ ਦਾ ਨਤੀਜਾ ਦੱਸਿਆ।
ਯੂਕੇ ਦੇ ਸਿੱਖ ਸੰਸਦ ਮੈਂਬਰ ਦੀ ਪ੍ਰਤੀਕਿਰਿਆ
ਲੇਬਰ ਪਾਰਟੀ ਦੇ ਸੰਸਦ ਮੈਂਬਰ ਗੁਰਿੰਦਰ ਸਿੰਘ ਜੋਸਨ ਨੇ ਸੋਸ਼ਲ ਮੀਡੀਆ ‘ਤੇ ਇਸ ਘਟਨਾ ਨੂੰ ਭਿਆਨਕ ਹਮਲਾ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਦੀਆਂ ਸੰਵੇਦਨਾਵਾਂ ਪੀੜਤਾ ਨਾਲ ਹਨ। ਉਨ੍ਹਾਂ ਪੁਸ਼ਟੀ ਕੀਤੀ ਕਿ ਪੁਲਿਸ ਇਸ ਮਾਮਲੇ ਨੂੰ ਨਫ਼ਰਤੀ ਅਪਰਾਧ (ਹੇਟ ਕ੍ਰਾਈਮ) ਮੰਨ ਕੇ ਸੰਵੇਦਨਸ਼ੀਲਤਾ ਨਾਲ ਜਾਂਚ ਕਰ ਰਹੀ ਹੈ। ਸੰਸਦ ਮੈਂਬਰ ਜੋਸਨ ਨੇ ਇਹ ਵੀ ਕਿਹਾ ਕਿ ਪੀੜਤਾ ਸਦਮੇ ਵਿੱਚ ਹੈ, ਇਸ ਲਈ ਪੁਲਿਸ ਉਸ ਦੀ ਇੱਛਾ ਅਤੇ ਸਹੂਲਤ ਅਨੁਸਾਰ ਕਾਰਵਾਈ ਕਰ ਰਹੀ ਹੈ।
The attack that took place on Tuesday 9 September between 8am and 8.30am in Oldbury against a woman of Sikh heritage took place off Tame Road, a short distance from my constituency office. The attack which reportedly involved rape is truly horrific and my thoughts and prayers are… pic.twitter.com/TuXKpQhaYi
— Gurinder Singh Josan CBE MP (@gsjosan) September 12, 2025