ਹਰਿਆਣਾ ‘ਚ ਦਿਨ-ਦਿਹਾੜੇ 2 ਕੁੜੀਆਂ ਅਗਵਾ, ਘੜੀਸਦੇ ਹੋਏ ਕਾਰ ‘ਚ ਬੈਠਾਂ ਲੈ ਗਏ ਕਿਡਨੈਪਰ

Global Team
3 Min Read

ਕਰਨਾਲ: ਕਰਨਾਲ ਵਿੱਚ ਦਿਨ-ਦਿਹਾੜੇ ਦੋ ਜਵਾਨ ਕੁੜੀਆਂ ਨੂੰ ਅਗਵਾ ਕਰ ਲਿਆ ਗਿਆ। ਦੋਵੇਂ ਕੁੜੀਆਂ  ਘਰ ਦੇ ਬਾਹਰ ਖੜ੍ਹੀਆਂ ਸਨ ਜਦੋਂ ਇੱਕ ਕਾਰ ਆ ਕੇ ਰੁਕੀ। ਕਾਰ ਵਿੱਚ ਸਵਾਰ ਨੌਜਵਾਨਾਂ ਨੇ ਲੜਕੀਆਂ ਨੂੰ ਜ਼ਬਰਦਸਤੀ ਕਾਰ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ।

ਕੁੜੀਆਂ ਨੇ ਵਿਰੋਧ ਕੀਤਾ ਤਾਂ ਅਗਵਾਕਾਰਾਂ ਨੇ ਉਨ੍ਹਾਂ ਦਾ ਗਲਾ ਦੱਬਿਆ ਅਤੇ ਥੱਪੜ ਮਾਰੇ। ਇਸ ਤੋਂ ਬਾਅਦ ਦੋਵਾਂ ਨੂੰ ਕਾਰ ਵਿੱਚ ਧੱਕਾ ਦੇ ਕੇ ਮੌਕੇ ਤੋਂ ਫਰਾਰ ਹੋ ਗਏ। ਜਦੋਂ ਆਸ-ਪਾਸ ਦੇ ਲੋਕਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨਾਲ ਵੀ ਕੁੱਟਮਾਰ ਕੀਤੀ।
ਵਾਰਦਾਤ ਦੀ ਸੂਚਨਾ ਮਿਲਣ ਤੋਂ 20 ਮਿੰਟ ਬਾਅਦ ਪੁਲਿਸ ਮੌਕੇ ’ਤੇ ਪਹੁੰਚੀ। ਇਸ ਤੋਂ ਬਾਅਦ ਇਲਾਕੇ ਵਿੱਚ ਨਾਕਾਬੰਦੀ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਗਵਾਹਾਂ ਦਾ ਬਿਆਨ

ਪ੍ਰਤੱਖਦਰਸ਼ੀਆਂ ਮੁਤਾਬਕ, ਵਾਰਦਾਤ ਤੋਂ ਪਹਿਲਾਂ ਹੀ ਗਲੀ ਵਿੱਚ ਇੱਕ ਕਾਲੀ ਕਾਰ ਖੜ੍ਹੀ ਸੀ, ਜਿਸ ਵਿੱਚ 3 ਲੋਕ ਸਵਾਰ ਸਨ। ਉਨ੍ਹਾਂ ਵਿੱਚੋਂ ਇੱਕ ਕਾਰ ਵਿੱਚ ਹੀ ਬੈਠਾ ਰਿਹਾ, ਜਦਕਿ ਦੋ ਨੌਜਵਾਨ ਹੇਠਾਂ ਉੱਤਰੇ ਅਤੇ ਘਰ ਦੇ ਬਾਹਰ ਖੜ੍ਹੀਆਂ ਦੋ ਕੁੜੀਆਂ ਨੂੰ ਫੜ ਲਿਆ।
ਦੋਵਾਂ ਨੂੰ ਘੜੀਸਦੇ ਹੋਏ ਕਾਰ ਤੱਕ ਲਿਜਾਇਆ ਗਿਆ। ਇਸ ਦੌਰਾਨ ਕੁੜੀਆਂ ਲਗਾਤਾਰ ਵਿਰੋਧ ਕਰ ਰਹੀਆਂ ਸਨ, ਪਰ ਉਹਨਾਂ ਨੇ ਕੁੜੀਆਂ ਦਾ ਗਲਾ ਫੜ ਕੇ ਅਤੇ ਥੱਪੜ ਮਾਰੇ ਤੇ ਕਾਰ ਵਿੱਚ ਧੱਕਾ ਦਿੱਤਾ ਅਤੇ ਲੈ ਕੇ ਫਰਾਰ ਹੋ ਗਏ।

ਇਹ ਸਾਰਾ ਵਾਕਿਆ ਜਨਕਪੁਰੀ ਨੇੜੇ ਗਊਸ਼ਾਲਾ ਰੋਡ ਇਲਾਕੇ ਵਿੱਚ ਵਾਪਰਿਆ। ਮੰਗਲਵਾਰ ਦੁਪਹਿਰ ਕਰੀਬ 12 ਵਜੇ ਇਹ ਘਟਨਾ ਵਾਪਰੀ। ਇਸ ਨੂੰ ਦੇਖ ਕੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਅਗਵਾਕਾਰਾਂ ਨੂੰ ਰੋਕਣ ਅਤੇ ਲੜਕੀਆਂ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ। ਪਰ ਉਹਨਾਂ ਨੇ ਲੋਕਾਂ ’ਤੇ ਵੀ ਹਮਲਾ ਕਰ ਦਿੱਤਾ। ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਕੁੜੀਆਂ ਦੇ ਪਰਿਵਾਰ ਨੂੰ ਥਾਣੇ ਲੈ ਗਈ ਹੈ, ਜਿੱਥੇ ਬਿਆਨ ਲਏ ਜਾ ਰਹੇ ਹਨ।

ਇੱਕ ਲੜਕੀ ਦੇ ਪਰਿਵਾਰ ਦਾ ਬਿਆਨ

ਪਰਿਵਾਰ ਮੁਤਾਬਕ, ਇੱਕ ਲੜਕੀ ਦਾ ਨਾਂ ਅੰਜਲੀ ਹੈ, ਜੋ ਜਨਕਪੁਰੀ ਦੀ ਰਹਿਣ ਵਾਲੀ ਹੈ। ਉਸ ਨੂੰ ਕਿਸੇ ਲੜਕੀ ਨੇ ਮਕਾਨ ਵੇਖਣ ਦੇ ਬਹਾਨੇ ਘਰੋਂ ਬਾਹਰ ਬੁਲਾਇਆ ਸੀ। ਪਰਿਵਾਰ ਨੂੰ ਉਸ ਲੜਕੀ ਬਾਰੇ ਕੁਝ ਨਹੀਂ ਪਤਾ ਜਿਸ ਨੇ ਬੁਲਾਇਆ। ਜਿਵੇਂ ਹੀ ਅੰਜਲੀ ਹੇਠਾਂ ਆਈ, ਕੁਝ ਦੇਰ ’ਚ ਰੌਲਾ ਪੈ ਗਿਆ ਕਿ ਉਹਨਾਂ ਦੀ ਧੀ  ਨੂੰ ਕੋਈ ਅਗਵਾ ਕਰਕੇ ਲੈ ਗਿਆ ਹੈ।

ਮੌਕੇ ’ਤੇ ਪਹੁੰਚੇ ਐਮਰਜੈਂਸੀ ਰਿਸਪੌਂਸ ਵਹੀਕਲ (ਈਆਰਵੀ) ਇੰਚਾਰਜ ਵਿਜੈ ਪਾਲ ਨੇ ਕਿਹਾ ਕਿ 2 ਕੁੜੀਆਂ ਦੇ ਅਗਵਾ ਦੀ ਗੱਲ ਸਾਹਮਣੇ ਆਈ ਹੈ। ਕਾਰ ਵਿੱਚ 3 ਲੋਕ ਸਵਾਰ ਸਨ, ਜਿਨ੍ਹਾਂ ਨੇ ਲੜਕੀਆਂ ਨੂੰ ਅਗਵਾ ਕੀਤਾ। ਅਗਵਾ ਦੇ ਕਾਰਨਾਂ ਦਾ ਅਜੇ ਖੁਲਾਸਾ ਨਹੀਂ ਹੋਇਆ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਲਾਕੇ ਦੇ ਕਈ ਘਰਾਂ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਵੀ ਖੰਗਾਲਿਆ ਜਾ ਰਿਹਾ ਹੈ।

Share This Article
Leave a Comment