ਬਹੁਪੱਖੀਪ੍ਰਤਿਭਾ ਦਾ ਧਨੀ ਫ਼ਨਕਾਰ ਸੀ ਦਾਰਾ ਸਿੰਘ

TeamGlobalPunjab
6 Min Read

-ਪ੍ਰੋ: ਪਰਮਜੀਤ ਸਿੰਘ ਨਿੱਕੇ ਘੁੰਮਣ;

ਦਾਰਾ ਸ਼ਬਦ ਦਾ ਅਰਥ ਫ਼ਾਰਸੀ ਭਾਸ਼ਾ ‘ਚ ਹੁੰਦਾ ਹੈ-‘ਅਮੀਰ’, ਇਸ ਨੂੰ ਹਿਬਰੂ ਭਾਸ਼ਾ ‘ਚ ‘ਵਿਦਵਾਨ’ ਅਤੇ ਉਰਦੂ ਤੇ ਪੰਜਾਬੀ ‘ਚ ‘ਮਾਲਕ ਜਾਂ ਬਾਦਸ਼ਾਹ’ ਵੀ ਆਖ਼ਦੇ ਹਨ। ਪੰਜਾਬ ਦੀ ਮਿੱਟੀ ‘ਚ ਜੰਮਿਆ-ਪਲਿਆ ਦਾਰਾ ਸਿੰਘ ਉਕਤ ਸਾਰੇ ਅਰਥਾਂ ਨੂੰ ਸਾਰਥਕ ਕਰਨ ਵਾਲਾ ਇੱਕ ਬੇਹਤਰੀਨ ਇਨਸਾਨ ਸੀ ਤੇ ਬਹੁਪੱਖੀ ਪ੍ਰਤਿਭਾ ਦਾ ਧਾਰਨੀ ਸੀ। ਉਹ ਨਾਮਵਰ ਪਹਿਲਵਾਨ, ਅਦਾਕਾਰ, ਲੇਖਕ, ਨਿਰਮਾਤਾ, ਨਿਰਦੇਸ਼ਕ ਅਤੇ ਰਾਜਨੇਤਾ ਸੀ। ਉਸਦੀ ਸ਼ਖ਼ਸੀਅਤ ਦਾ ਸਭ ਤੋਂ ਵੱਧ ਆਕਰਸ਼ਕ ਪੱਖ ਇਹ ਸੀ ਕਿ ੳੁੱਚੀਆਂ ਪ੍ਰਾਪਤੀਆਂ ਦੇ ਬਾਵਜੂਦ ਉਹ ਹੰਕਾਰ ਤੋਂ ਕੋਹਾਂ ਪਰੇ ਤੇ ਮਿੱਠਬੋਲੜੇ ਤੇ ਨਿੱਘੇ ਸੁਭਾਅ ਦਾ ਮਾਲਕ ਸੀ।

19 ਨਵੰਬਰ, 1928 ਨੂੰ ਪਿੰਡ ਧਰਮੂਚੱਕ ਵਿਖੇ ਵੱਸਦੇ ਦੀਦਾਰ ਸਿੰਘ ਰੰਧਾਵਾ ਦੇ ਘਰ ਜਨਮੇ ਦਾਰਾ ਸਿੰਘ ਨੂੰ ਚੜ੍ਹਦੀ ਉਮਰੇ ਰੋਜ਼ੀ ਰੋਟੀ ਦੀ ਤਲਾਸ਼ ਵਿੱਚ ਸਿੰਗਾਪੁਰ ਜਾਣਾ ਪਿਆ ਸੀ ਜੋ ਕਿ ਉਸਦੀ ਜ਼ਿੰਦਗੀ ਦਾ ਸਭ ਤੋਂ ਅਹਿਮ ਮੋੜ ਸਾਬਿਤ ਹੋਇਆ ਸੀ। ੳੁੱਥੇ ਡਰੰਮ ਬਣਾਉਣ ਦੀ ਇੱਕ ਫ਼ੈਕਟਰੀ ‘ਚ ਕੰਮ ਕਰਦਿਆਂ ਉਸਦੀ ਮੁਲਾਕਾਤ ਕੁਸ਼ਤੀ ਦੇ ਸ਼ੌਕੀਨ ਸ: ਹਰਨਾਮ ਸਿੰਘ ਨਾਲ ਹੋਈ ਜੋ ਉਸਦਾ ਛੇ ਫੁੱਟ ਤੋਂ ਲੰਮਾ ਕੱਦ, 53 ਇੰਚ ਚੌੜੀ ਛਾਤੀ ਅਤੇ 127 ਕਿੱਲੋ ਭਾਰ ਵੇਖ ਕੇ ਬਹੁਤ ਪ੍ਰਭਾਵਿਤ ਹੋਏ ਤੇ ਉਨ੍ਹਾ ਦਾਰਾ ਸਿੰਘ ਨੂੰ ਇਸ ਜ਼ਬਰਦਸਤ ਜੁੱਸੇ ਨੂੰ ਕੁਸ਼ਤੀ ‘ਚ ਵਰਤਣ ਦੀ ਸਲਾਹ ਦਿੱਤੀ ਤੇ ‘ਗ੍ਰੇਟ ਵਰਲਡ ਸਟੇਡੀਅਮ ਵਿੱਚ ਉਸਦੀ ਕੁਸ਼ਤੀ ਦੀ ਸਿਖਲਾਈ ਵੀ ਅਰੰਭ ਕਰ ਦਿੱਤੀ। ਸਿਖਲਾਈ ਅਤੇ ਤਜਰਬੇ ਤੋਂ ਬਾਅਦ ਦਾਰਾ ਸਿੰਘ ਜਦ ਕੁਸ਼ਤੀ ਦੇ ਅਖਾੜੇ ਵਿੱਚ ਉਤਰਿਆਂ ਤਾਂ ਉਸਨੇ ਕਹਿੰਦੇ-ਕਹਾਉਂਦੇ ਪਹਿਲਵਾਨਾਂ ਦੀਆਂ ਗੋਡਣੀਆਂ ਲਵਾ ਦਿੱਤੀਆਂ। ਦੁਨੀਆਂ ਦੇ ਨਾਮਵਰ ਪਹਿਲਵਾਨਾਂ ਕਿੰਗ ਕਾਂਗ, ਟਾਈਗਰ ਜੀਤ ਸਿੰਘ, ਜਾਰਜ ਗੌਰਡੈਨਿਕੋ ਅਤੇ ਲਾਓ ਥੇਸਜ਼ ਨੂੰ ਹਰਾ ਕੇ ਕਈ ਕੌਮੀ ਤੇ ਕੌਮਾਂਤਰੀ ਖ਼ਿਤਾਬ ਜਿੱਤਣ ਵਾਲੇ ਦਾਰਾ ਸਿੰਘ ਨੇ ਸੰਨ 1952 ਵਿੱਚ ਫ਼ਿਲਮ ‘ਸੰਗਦਿਲ’ ਰਾਹੀਂ ਫ਼ਿਲਮੀ ਪਰਦੇ ‘ਤੇ ਕਦਮ ਰੱਖਿਆ ਸੀ ਤੇ ਆਪਣੀ ਮਜ਼ਬੂਤ ਕੱਦ-ਕਾਠੀ ਕਰਕੇ ਸ਼ੁਰੂਆਤ ਸਟੰਟ ਫ਼ਿਲਮਾਂ ਤੋਂ ਕੀਤੀ ਸੀ ਤੇ ਉਪਰੰਤ ਇਸੇ ਤਰ੍ਰਾਂ ਦੀਆਂ ਭੂਮਿਕਾਵਾਂ ਅਦਾ ਕਰਨੀਆਂ ਜਾਰੀ ਰੱਖੀਆਂ ਸਨ। ਸੰਨ 1962 ‘ਚ ਆਈ ਫ਼ਿਲਮ ‘ ਕਿੰਗ ਕਾਂਗ’ ਵਿੱਚ ਉਸਦੀ ਮੁੱਖ ਭੂਮਿਕਾ ਸੀ ਤੇ ਫਿਰ ਅਗਲੇ ਕਈ ਸਾਲ ਤੱਕ ਉਹ ਜ਼ਬਰਦਸਤ ਅਦਾਕਾਰੀ ਕਰਦਾ ਹੋਇਆ ਹੌਲੀ-ਹੌਲੀ ਫ਼ਿਲਮ ਲੇਖਨ,ਨਿਰਮਾਣ ਅਤੇ ਨਿਰਦੇਸ਼ਨ ਵਾਲੇ ਪਾਸੇ ਆ ਗਿਆ।

ਦਾਰਾ ਸਿੰਘ ਦੀ ਅਦਾਕਾਰੀ ਨਾਲ ਸਜੀਆਂ ਸੌ ਤੋਂ ਵੱਧ ਫ਼ਿਲਮਾਂ ਵਿੱਚੋਂ – ‘ਪਹਿਲੀ ਝਲਕ, ਫ਼ੌਲਾਦ, ਸੈਮਸਨ, ਲੁਟੇਰਾ, ਦਾਦਾ, ਡਾਕੂ ਮੰਗਲ ਸਿੰਘ, ਤੂਫ਼ਾਨ, ਇਲਜ਼ਾਮ, ਬਾਕਸਰ, ਆਂਧੀ-ਤੂਫ਼ਾਨ, ਮੇਰਾ ਨਾਮ ਜੋਕਰ, ਸੁਲਤਾਨਾ ਡਾਕੂ, ਲਲਕਾਰ, ਰੁਸਤਮ, ਮਰਦ, ਕਹਿਰ, ਮਜਬੂਰ, ਫ਼ਰਜ਼, ਅਵਾਰਾ ਅਬਦੁੱਲਾ, ਸ਼ੇਰ ਦਿਲ, ਟਾਰਜ਼ਨ ਕਮਜ਼ ਟੂ ਦਿੱਲੀ ਅਤੇ ਅਨੰਦ ’ ਆਦਿ ਤੋਂ ਇਲਾਵਾ ‘ ਜੱਗਾ, ਲੰਬੜਦਾਰਨੀ, ਸਤਿਗੁਰ ਤੇਰੀ ਓਟ, ਮੇਲੇ ਮਿੱਤਰਾਂ ਦੇ, ਬਾਬੁਲ ਦਾ ਵਿਹੜਾ, ਮੌਲਾ ਜੱਟ,ਭੁਲੇਖਾ, ਦੁੱਲਾ ਭੱਟੀ, ਦਿਲ ਅਪਨਾ ਪੰਜਾਬੀ ’ ਅਤੇ ‘ਹਰੀ ਦਰਸ਼ਨ, ਸ਼ਿਵ ਸ਼ਕਤੀ,ਧਿਆਨੂੰ ਭਗਤ, ਜੈ ਮਾਤਾ ਦੀ’ ਆਦਿ ਫ਼ਿਲਮਾਂ ਦੇ ਨਾਂ ਵਿਸ਼ੇਸ਼ ਤੌਰ ‘ਤੇ ਵਰਣਨਯੋਗ ਹਨ। ੳਘੇ ਫ਼ਿਲਮਕਾਰ ਰਾਮਾਨੰਦ ਸਾਗਰ ਦੇ ਟੀ.ਵੀ.ਲੜੀਵਾਰ ‘ ਰਾਮਾਇਣ ’ ਵਿੱਚ ਦਾਰਾ ਸਿੰਘ ਵੰਲੋਂ ਨਿਭਾਇਆ ਗਿਆ ‘ ਹਨੂੰਮਾਨ’ ਦਾ ਕਿਰਦਾਰ ਅਜੇ ਤੱਕ ਲਾਮਿਸਾਲ ਹੈ। ਉਸਦੀ ਆਖ਼ਰੀ ਫ਼ਿਲਮ ‘ ਸ਼ਾਹਿਦ ਕਪੂਰ ਅਤੇ ਕਰੀਨਾ ਕਪੂਰ ਅਭਿਨੀਤ ‘ ਜਬ ਵੂਈ ਮੈੱਟ’ ਸੀ ਜਦੋਂ ਕਿ ਮਲਿਆਲਮ ਭਾਸ਼ਾ ਦੀ ਫ਼ਿਲਮ ‘ ਮੁੱਥਾਰਮ ਕੁੰਨੂੰ’ ਵਿੱਚ ਉਸਨੇ ਆਪਣਾ ਭਾਵ ਦਾਰਾ ਸਿੰਘ ਪਹਿਲਵਾਨ ਦਾ ਕਿਰਦਾਰ ਹੀ ਅਦਾ ਕੀਤਾ ਸੀ।

ਬਤੌਰ ਨਿਰਮਾਤਾ-ਨਿਰਦੇਸ਼ਕ ਦਾਰਾ ਸਿੰਘ ਨੇ -‘ਸਵਾ ਲਾਖ ਸੇ ਏਕ ਲੜਾਊਂ, ਨਾਨਕ ਦੁਖ਼ੀਆ ਸਭ ਸੰਸਾਰ, ਰੱਬ ਦੀਆਂ ਰੱਖਾਂ, ਧਿਆਨੂੰ ਭਗਤ, ਭਗਤੀ ਮੇਂ ਸ਼ਕਤੀ, ਧੰਨਾ ਜੱਟ,ਰੁਸਤਮ’ ਆਦਿ ਜਿਹੀਆਂ ਫ਼ਿਲਮਾਂ ਬਣਾਈਆਂ ਸਨ। ਸੰਨ 1978 ਵਿੱਚ ਉਸਨੇ ਮੁਹਾਲੀ ਵਿਖੇ ‘ ਦਾਰਾ ਸਟੂਡੀਓ ’ ਦਾ ਨਿਰਮਾਣ ਸ਼ੁਰੂ ਕਰਕੇ ਪੰਜਾਬੀ ਫ਼ਿਲਮ ਜਗਤ ਨੂੰ ਵੱਡਾ ਹੁਲਾਰਾ ਦੇਣ ਦਾ ਯਤਨ ਕੀਤਾ ਸੀ। ਉਹ ਭਾਰਤ ਦਾ ਅਜਿਹਾ ਪਹਿਲਾ ਖਿਡਾਰੀ ਸੀ ਜਿਸਨੂੰ ਰਾਜ ਸਭਾ ਲਈ ਮਨੋਨੀਤ ਕੀਤਾ ਗਿਆ ਸੀ। ਸੰਨ 2003 ਤੋਂ 2009 ਤੱਕ ਦਾਰਾ ਸਿੰਘ ਨੇ ਰਾਜ ਸਭਾ ਮੈਂਬਰ ਵਜੋਂ ਸੇਵਾ ਨਿਭਾਈ ਸੀ। ਉਹ ਜਾਟ ਮਹਾਂਸਭਾ ਦਾ ਕੌਮੀ ਪ੍ਰਧਾਨ ਹੋਣ ਦੇ ਨਾਲ ਨਾਲ ਕਈ ਹੋਰ ਸੰਸਥਾਵਾਂ ਦਾ ਮੁਖੀ ਹੋਣ ਦਾ ਸ਼ਰਫ਼ ਵੀ ਰੱਖਦਾ ਸੀ। ਸੰਨ 2012 ਦੀ 7 ਜੁਲਾਈ ਨੂੰ ਉਸਦੀ ਤਬੀਅਤ ਅਚਾਨਕ ਵਿਗੜ ਗਈ ਤੇ 11 ਜੁਲਾਈ ਨੂੰ ਦਿਲ ਤੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ। ਅਖ਼ੀਰ 12 ਜੁਲਾਈ,2012 ਨੂੰ ਇਹ ਹਰਫ਼ਲਮੌਲਾ ਸ਼ਖ਼ਸੀਅਤ ਸਾਥੋਂ ਸਦਾ ਲਈ ਵਿੱਛੜ ਕੇ ਉਨ੍ਹਾ ਰਾਹਾਂ ‘ਤੇ ਟੁਰ ਗਈ ਜਿੱਥੋਂ ਕਦੀ ਕੋਈ ਮੁੜ ਕੇ ਨਹੀਂ ਆਉਂਦਾ ਹੈ। ਦਾਰਾ ਸਿੰਘ ਦੇ ਦੇਹਾਂਤ ਦੇ ਦਿਨ ਉਸਨੂੰ ਕਾਵਿਕ ਸ਼ਰਧਾਂਜਲੀ ਦੇਣ ਹਿੱਤ ਮੇਰੇ ਵੱਲੋਂ ਲਿਖੀ ਗਈ ਇੱਕ ਕਵਿਤਾ ਦੀਆਂ ਚੰਦ ਸਤਰ੍ਹਾਂ ਪੇਸ਼ ਹਨ :

ਤੇਰਾ ਦਾਰਾ , ਮੇਰਾ ਦਾਰਾ
ਤੁਰ ਗਿਆ ਹੈ ਹੁਣ ਸਭ ਦਾ ਦਾਰਾ।

ਨਾਲ ਫ਼ਖ਼ਰ ਦੇ ਜੀਵੀ ਜ਼ਿੰਦਗੀ
ਬਣ ਗਿਆ ਹੁਣ ਅੰਬਰ ਦਾ ਤਾਰਾ।

ਬਦਨ ਕਮਾਅ ਕੇ ਕੀਤੀ ਕੁਸ਼ਤੀ
ਢਾਹਿਆ ‘ਕਿੰਗ’ ਸੀ ਸਭ ਤੋਂ ਭਾਰਾ।

ਧਰਮੂਚੱਕ ਤੋਂ ਉੱਠਿਆ ਸੂਰਾ
ਮੁੜਿਆ ਜਿੱਤ ਕੇ,ਜਗ ਉਹ ਸਾਰਾ।

‘ਭਗਤ ਧਿਆਨੂੰ’ ਤੇ ‘ਧੰਨਾ ਜੱਟ’
‘ਮਰਦ’ ਵੀ ਸੀ ਉਹ ਸਭ ਤੋਂ ਨਿਆਰਾ।

ਸਰਿਆ ਨਾ ਜੋ ਕਿਸੇ ਤੋਂ ਅੱਜ ਤਾਈਂ
ਕਰ ਗਈ ਮੌਤ ਹੈ ਉਹੀਓ ਕਾਰਾ।

ਤੁਰ ਗਿਆ ਜਗ ਤੋਂ ਇੱਜ਼ਤ ਖੱਟ ਕੇ
ਹਰ ਅੱਖ ਕੇਰੇ ਹੰਝੂ ਖਾਰਾ।

ਆਉਣਗੇ ਜਗ ‘ਤੇ ਮਰਦ ਅਨੇਕਾਂ
ਦਾਰਾ ਨਾ ਹੁਣ ਆਊ ਦੁਬਾਰਾ।

ਰਹਿੰਦੀ ਦੁਨੀਆਂ ਤੀਕਰ ਰਹਿਣਾ
ਯਾਰਾਂ ਦਾ ਉਹ ਯਾਰ ਸੀ ਦਾਰਾ।

ਮੋਬਾਇਲ: 97816-46008

Share This Article
Leave a Comment