ਚੰਡੀਗੜ੍ਹ : ਸੂਬੇ ਵਿਚ ਨਵੀਂ ਆਬਕਾਰੀ ਨੀਤੀ ਦਾ ਮੁੱਦਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ । ਕੈਬਨਿਟ ਮੰਤਰੀਆਂ ਵਲੋਂ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ । ਦਸਣਯੋਗ ਹੈ ਕਿ ਸੀਨੀਅਰ ਕਾਂਗਰਸੀ ਆਗੂ ਰਾਜਾ ਵੜਿੰਗ ਵੱਲੋ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਸਮੇਂ ਰੈਵੀਨਿਊ ਨੂੰ 600 ਕਰੋੜ ਰੁਪਏ ਦਾ ਘਾਟਾ ਪਿਆ ਹੈ । ਇਸ ਨੂੰ ਲੈ ਕੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ । ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਜਿਹੜਾ ਇਹ ਪੈਸਾ ਡੁੱਬ ਗਿਆ ਹੈ ਇਸ ਲਈ ਜਿੰਮੇਵਾਰ ਕੌਣ ਹੈ ।
ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜਦੋਂ ਦੇਸ਼ ਅੰਦਰ ਸ਼ਰਾਬ ਦੇ ਠੇਕੇ ਖੁੱਲੇ ਤਾਂ ਬਾਹਰ 3-3 ਕਿਲੋਮੀਟਰ ਦੀਆਂ ਕਤਾਰਾਂ ਲੱਗੀਆਂ ਪਰ ਪੰਜਾਬ ਵਿੱਚ ਕਿਸੇ ਨੇ ਠੇਕੇ ਵਲ ਮੂੰਹ ਨਹੀਂ ਕੀਤਾ । ਉਨ੍ਹਾਂ ਕਿਹਾ ਕਿ ਇਸ ਦਾ ਕਾਰਨ ਇਹ ਸੀ ਕਿ ਪੰਜਾਬ ਵਿੱਚ ਦੋ ਨੰਬਰ ਦੀ ਸ਼ਰਾਬ ਵਿਕ ਰਹੀ ਸੀ।