ਜਲੰਧਰ : ਦਿੱਲੀ ਵਿੱਚ ਕਿਸਾਨਾਂ ਦੇ ਅੰਦੋਲਨ ਨੂੰ ਅੱਜ 42 ਦਿਨ ਪੂਰੇ ਹੋ ਚੁੱਕੇ ਹਨ, ਤੇ ਕਾਫ਼ਲਾ ਲਗਾਤਾਰ ਵਧਦਾ ਜਾ ਰਿਹਾ ਹੈ। ਕਿਸਾਨਾਂ ਨੂੰ ਸਮਰਥਨ ਦੇਣ ਦੇ ਲਈ ਹਨ। ਦੋਆਬਾ ਤੋਂ ਵੀ ਵੱਡੀ ਗਿਣਤੀ ਵਿੱਚ ਆਮ ਲੋਕ ਵੀ ਪਹੁੰਚ ਰਹੇ ਹਨ। ਜਿਸ ਤਹਿਤ ਪੇਂਡੂ ਮਜ਼ਦੂਰ ਯੂਨੀਅਨ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੀ ਦਿੱਲੀ ਨੂੰ ਕੂਚ ਕਰੇਗੀ। ਦੋਵਾਂ ਜਥੇਬੰਦੀਆਂ ਨੇ ਐਲਾਨ ਕੀਤਾ ਕਿ 26 ਜਨਵਰੀ ਦੀ ਪਰੇਡ ਤੋਂ ਪਹਿਲਾਂ ਦਲਿਤ ਮਜ਼ਦੂਰ ਦਿੱਲੀ ਵਿੱਚ ਡੇਰਾ ਲਾਉਣਗੇ। ਕਿਸਾਨਾਂ ਨੂੰ ਸਮਰਥਨ ਦੇਣ ਲਈ ਲੱਖਾਂ ਦੀ ਤਾਦਾਦ ਵਿੱਚ ਦਲਿਤ ਮਜ਼ਦੂਰ ਨਿੱਤਰਨਗੇ।
ਇਸ ਮੌਕੇ ਪੇਂਡੂ ਮਜ਼ਦੂਰ ਕਮੇਟੀ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਨੇ ਕਿਹਾ ਕਿ ਤਿੰਨੋਂ ਖੇਤੀ ਕਾਨੂੰਨ ਭਾਰਤ ਦੇ ਭਵਿੱਖ ਲਈ ਖ਼ਤਰਾ ਹਨ। ਕਿਉਂਕਿ ਜੇਕਰ ਕਿਸਾਨਾਂ ਕੋਲ ਜ਼ਮੀਨ ਨਹੀਂ ਰਹੇਗੀ ਤਾਂ ਮੰਡੀਆਂ ਤੇ ਖੇਤਾਂ ‘ਚ ਕੰਮ ਕਰਦੇ ਮਜ਼ਦੂਰਾਂ ਤੋਂ ਰੁਜ਼ਗਾਰ ਖੁੱਸ ਜਾਵੇਗਾ।
ਕੇਂਦਰ ਦੇ ਕਾਨੂੰਨ ਮੁਤਾਬਕ ਵੱਡੇ ਵਪਾਰੀ ਜ਼ਰੂਰੀ ਵਸਤਾਂ ਦੀ ਸਟੋਰੇਜ ਕਰਨਗੇ ਜਿਸ ਨਾਲ ਕੀਮਤਾਂ ‘ਚ ਵਾਧਾ ਹੋਵੇਗਾ। ਇਸ ਦਾ ਅਸਰ ਵੀ ਆਮ ਵਿਅਕਤੀ ਦੀ ਜੇਬ ‘ਤੇ ਪਵੇਗਾ। ਇਸ ਲਈ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਲਿਤ ਮਜ਼ਦੂਰ ਵੀ ਹੁਣ ਇੱਕ ਹੋ ਗਏ ਹਨ।