ਨਿਊਜ਼ ਡੈਸਕ: ਮੁਗਲ ਸ਼ਾਸਕ ਔਰੰਗਜ਼ੇਬ ਦੇ ਮਕਬਰੇ ਨੂੰ ਹਟਾਉਣ ਦੇ ਅੰਦੋਲਨ ਕਾਰਨ ਭੜਕੀ ਹਿੰਸਾ ਤੋਂ ਬਾਅਦ ਨਾਗਪੁਰ ਦੇ 11 ਥਾਣਾ ਖੇਤਰਾਂ ‘ਚ ਕਰਫਿਊ ਲਗਾ ਦਿੱਤਾ ਗਿਆ ਹੈ। ਹਿੰਸਾ ਵਿੱਚ ਤਿੰਨ ਡਿਪਟੀ ਕਮਿਸ਼ਨਰਾਂ (ਡੀਸੀਪੀ) ਸਮੇਤ 33 ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਹਨ, ਜਦੋਂ ਕਿ ਪੰਜ ਨਾਗਰਿਕ ਵੀ ਜ਼ਖ਼ਮੀ ਹੋਏ ਹਨ। ਪੁਲਿਸ ਨੇ ਪੰਜ ਕੇਸ ਦਰਜ ਕਰਕੇ 50 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫਿਲਹਾਲ ਸਥਿਤੀ ਤਣਾਅਪੂਰਨ ਹੈ ਪਰ ਕਾਬੂ ਹੇਠ ਹੈ।
ਇਸ ਮਾਮਲੇ ਵਿੱਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਹਿੰਸਾ ਨੂੰ ਪਹਿਲਾਂ ਤੋਂ ਯੋਜਨਾਬੱਧ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਨੂੰ ਹੱਥ ਵਿੱਚ ਲੈ ਕੇ ਪੁਲਿਸ ‘ਤੇ ਹਮਲਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ। ਫੜਨਵੀਸ ਨੇ ਵਿਧਾਨ ਸਭਾ ਨੂੰ ਦੱਸਿਆ, ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਨੇ ਸੋਮਵਾਰ ਨੂੰ ਔਰੰਗਜ਼ੇਬ ਦੀ ਕਬਰ ਨੂੰ ਹਟਾਉਣ ਲਈ ਅੰਦੋਲਨ ਕੀਤਾ ਸੀ। ਇਸ ਦੌਰਾਨ ਘਾਹ ਨਾਲ ਬਣੀ ਪ੍ਰਤੀਕ ਕਬਰ ਨੂੰ ਅੱਗ ਲਗਾਈ ਗਈ। ਅਫਵਾਹ ਫੈਲਾਈ ਗਈ ਕਿ ਕਬਰ ਦੇ ਕੱਪੜਿਆਂ ‘ਤੇ ਧਾਰਮਿਕ ਪਾਠ ਲਿਖਿਆ ਹੋਇਆ ਹੈ।
ਨਮਾਜ਼ ਤੋਂ ਬਾਅਦ ਕਰੀਬ 250 ਲੋਕਾਂ ਦੀ ਭੀੜ ਨਾਅਰੇਬਾਜ਼ੀ ਕਰਦੀ ਹੋਈ ਉੱਥੇ ਪਹੁੰਚ ਗਈ ਕਿ ਉਹ ਅੱਗ ਲਗਾ ਦੇਣਗੇ। ਪੁਲਿਸ ਨੇ ਤਾਕਤ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਖਦੇੜ ਦਿੱਤਾ। ਉਨ੍ਹਾਂ ਦੀ ਸ਼ਿਕਾਇਤ ‘ਤੇ ਦੁਪਹਿਰ 3:09 ਵਜੇ ਮਾਮਲਾ ਦਰਜ ਕੀਤਾ ਗਿਆ ਸੀ। ਕੁਝ ਹੀ ਸਮੇਂ ‘ਚ ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਸ਼ਾਮ ਸਾਢੇ ਸੱਤ ਵਜੇ ਨਾਗਪੁਰ ਦੇ ਮਾਹਲ ਇਲਾਕੇ ਵਿੱਚ ਹਿੰਸਾ ਭੜਕ ਗਈ। ਬਦਮਾਸ਼ਾਂ ਨੇ ਘਰਾਂ ‘ਤੇ ਪਥਰਾਅ ਕੀਤਾ ਗਿਆ। ਦਰਜਨਾਂ ਵਾਹਨਾਂ ਦੀ ਭੰਨਤੋੜ ਕੀਤੀ ਗਈ ਅਤੇ ਅੱਗ ਲਗਾ ਦਿੱਤੀ ਗਈ। ਦੋ ਜੇਸੀਬੀ ਮਸ਼ੀਨਾਂ, ਇੱਕ ਕਰੇਨ ਸਮੇਤ ਕਈ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ ਸੀ।
ਨਾਗਪੁਰ ਹਿੰਸਾ ‘ਚ ਡੀਸੀਪੀ ਨਿਕੇਤਨ ਕਦਮ ‘ਤੇ ਕੁਹਾੜੀ ਨਾਲ ਹਮਲਾ ਕੀਤਾ ਗਿਆ ਸੀ। ਉਹ ਗੰਭੀਰ ਜ਼ਖਮੀ ਹੈ। ਮੁੱਖ ਮੰਤਰੀ ਫੜਨਵੀਸ ਨੇ ਉਨ੍ਹਾਂ ਨਾਲ ਵੀਡੀਓ ਕਾਲ ‘ਤੇ ਗੱਲ ਕੀਤੀ। ਹਿੰਸਾ ‘ਤੇ ਕਾਬੂ ਪਾਉਣ ਤੋਂ ਬਾਅਦ ਪੁਲਿਸ ਸੀਸੀਟੀਵੀ ਕੈਮਰਿਆਂ ਨੂੰ ਸਕੈਨ ਕਰ ਰਹੀ ਹੈ। ਪੁਲਿਸ ਡਾਇਰੈਕਟਰ ਜਨਰਲ ਰਸ਼ਮੀ ਸ਼ੁਕਲਾ ਨੇ ਅਧਿਕਾਰੀਆਂ ਨੂੰ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਆਦੇਸ਼ ਦਿੱਤੇ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।