ਡੇਢ ਸਾਲ ਤੱਕ ਦੇ ਬੱਚਿਆਂ ਦਾ ਰੋਣ ਨਾਲ ਵਧਦਾ ਹੈ ਸਰੀਰਿਕ ਤੇ ਮਾਨਸਿਕ ਵਿਕਾਸ : ਅਧਿਐਨ

TeamGlobalPunjab
2 Min Read

ਲੰਦਨ : ਬ੍ਰਿਟੇਨ ਦੀ ਵਾਰਵਿਕ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇੱਕ ਤਾਜਾ ਅਧਿਐਨ ‘ਚ ਇਸ ਗੱਲ ਦਾ ਦਾਅਵਾ ਕੀਤਾ ਹੈ ਕਿ ਜੇਕਰ ਜਨਮ ਤੋਂ ਲੈ ਕੇ ਡੇਢ ਸਾਲ ਤੱਕ ਦੇ ਬੱਚਿਆਂ ਨੂੰ ਥੋੜ੍ਹੀ ਦੇਰ ਲਈ ਰੋਣ ਦਿੱਤਾ ਜਾਵੇ ਤਾਂ ਇਸ ਨਾਲ ਉਨ੍ਹਾਂ ਦੀ ਮਾਨਸਿਕ ਅਤੇ ਸਰੀਰਕ ਯੋਗਤਾਵਾਂ ਮਜ਼ਬੂਤ ਹੋ ਜਾਂਦੀਆਂ ਹਨ ਤੇ ਨਾਲ ਹੀ ਉਹ ਹੌਲੀ ਹੌਲੀ ਸਵੈ-ਅਨੁਸ਼ਾਸਨ ਸਿੱਖਦੇ ਹਨ। ਇਸ ਦੇ ਉਲਟ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਜੇਕਰ ਇਸ ਸਮੇਂ ਦੌਰਾਨ ਬੱਚੇ ਨੂੰ ਥੋੜ੍ਹੀ ਦੇਰ ਰੋਣ ਨਾ ਦਿੱਤਾ ਜਾਵੇ ਤਾਂ ਇਸ ਤਰ੍ਹਾਂ ਕਰਨ ਨਾਲ ਉਸ ਦੇ ਮਾਨਸਿਕ ਤੇ ਸਰੀਰਕ ਵਿਕਾਸ ‘ਤੇ ਬੁਰਾ ਅਸਰ ਪੈਂਦਾ ਹੈ।

ਬ੍ਰਿਟੇਨ ਵਾਰਵਿਕ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਸੱਤ ਹਜ਼ਾਰ ਤੋਂ ਵੱਧ ਬੱਚਿਆਂ ਤੇ ਉਨ੍ਹਾਂ ਦੀਆਂ ਮਾਵਾਂ ‘ਤੇ ਇਹ ਅਧਿਐਨ ਕੀਤਾ। ਇਸ ਅਧਿਐਨ ਦੌਰਾਨ ਬੱਚਿਆਂ ਦੇ ਰੋਣ ਦੇ ਤਰੀਕੇ, ਉਨ੍ਹਾਂ ਦੇ ਵਿਵਹਾਰ ਤੇ ਇਸ ਸਮੇਂ ਦੌਰਾਨ ਬੱਚੇ ਦੇ ਮਾਤਾ-ਪਿਤਾ ਦੀਆਂ ਪ੍ਰਤੀਕ੍ਰਿਆਵਾਂ ‘ਤੇ ਅਧਿਐਨ ਕੀਤਾ ਗਿਆ। ਖੋਜਕਰਤਾਵਾਂ ਵੱਲੋਂ ਥੋੜ੍ਹੇ-ਥੋੜ੍ਹੇ ਸਮੇਂ ਦੌਰਾਨ ਉਨ੍ਹਾਂ ਦਾ ਨਿਰੰਤਰ ਮੁਲਾਂਕਣ ਕੀਤਾ ਗਿਆ ਕਿ ਬੱਚਾ ਜਦੋਂ ਰੋਂਦਾ ਹੈ ਤਾਂ ਮਾਤਾ-ਪਿਤਾ ਤੁਰੰਤ ਦਖਲ ਦਿੰਦੇ ਹਨ ਜਾਂ ਮਾਤਾ-ਪਿਤਾ ਬੱਚੇ ਨੂੰ ਕੁਝ ਸਮਾਂ ਜਾਂ ਅਕਸਰ ਰੋਣ ਦਿੰਦੇ ਹਨ। ਖੋਜਕਰਤਾਵਾਂ ਨੇ ਹਰ 3, 6 ਅਤੇ 18 ਮਹੀਨਿਆਂ ਵਿੱਚ ਤਿੰਨ ਵਾਰ ਇਸ ਪ੍ਰਯੋਗ ਦਾ ਮੁਲਾਂਕਣ ਕੀਤਾ।

ਖੋਜਕਰਤਾਵਾਂ ਦਾ ਕਹਿਣਾ ਹੈ ਕਿ ਅਧਿਐਨ ‘ਚ ਇਹ ਗੱਲ ਸਾਹਮਣੇ ਆਈ ਕਿ ਜਿਹੜੇ ਬੱਚਿਆਂ ਦੇ ਰੋਣ ਸਮੇਂ ਮਾਤਾ-ਪਿਤਾ ਨੇ ਤੁਰੰਤ ਬੱਚੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਉਨ੍ਹਾਂ ਬੱਚਿਆਂ ਦੇ ਸਰੀਰਕ ਤੇ ਮਾਨਸਿਕ ਵਿਕਾਸ ਦੀ ਗਤੀ ਧੀਮੀ ਰਹੀ। ਇਸ ਦੇ ਉਲਟ ਜਿਨ੍ਹਾਂ ਬੱਚਿਆਂ ਨੂੰ ਕੁਝ ਸਮੇਂ ਲਈ ਰੋਣ ਦਿੱਤਾ ਗਿਆ ਉਨ੍ਹਾਂ ਦਾ ਮਾਨਸਿਕ ਤੇ ਸਰੀਰਕ ਵਿਕਾਸ ਤੇਜ਼ੀ ਨਾਲ ਹੋਇਆ। ਨਾਲ ਹੀ ਇਹ ਬੱਚੇ ਦੂਜੇ ਬੱਚਿਆਂ ਦੇ ਮੁਕਾਬਲੇ ਜ਼ਿਆਦਾ ਚੰਚਲ ਅਤੇ ਕਿਰਿਆਸ਼ੀਲ ਪਾਏ ਗਏ।

ਅਧਿਐਨ ਦੇ ਪ੍ਰਮੁੱਖ ਖੋਜਕਰਤਾ ਡਾ. ਅਯਟਨ ਬਿਲਗਿਨ ਨੇ ਕਿਹਾ ਕਿ ਅਸੀਂ 3 ਤੋਂ 18 ਮਹੀਨਿਆਂ ਦੇ ਬੱਚਿਆਂ ਦੀਆਂ 7,000 ਤੋਂ ਵੱਧ ਮਾਵਾਂ ਦੇ ਵਿਵਹਾਰ ਤੇ ਬੱਚਿਆਂ ਦੇ ਪਾਲਣ-ਪੋਸ਼ਣ ਦਾ ਅਧਿਐਨ ਕੀਤਾ। ਉਨ੍ਹਾਂ ਕਿਹਾ ਕਿ ਇਸ ਪੂਰੀ ਪ੍ਰਕਿਰਿਆ ਦੀ ਵੀਡੀਓ ਰਿਕਾਰਡਿੰਗ ਕਰਕੇ ਬਹੁਤ ਹੀ ਗਹਿਰਾਈ ਨਾਲ ਇਹ ਅਧਿਐਨ ਕੀਤਾ ਗਿਆ।

- Advertisement -

Share this Article
Leave a comment