[alg_back_button]
ਕੋਲਕਾਤਾ : ਭਾਰਤ ਦੇ ਤੇਜ ਗੇਂਦਬਾਜ ਮੋਹੰਮਦ ਸ਼ਮੀ ਖਿਲਾਫ ਘਰੇਲੂ ਹਿੰਸਾ ਦੇ ਮਾਮਲੇ ‘ਚ ਕੋਲਕਾਤਾ ਦੀ ਅਦਾਲਤ ਵੱਲੋਂ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਵੈਸਟਇੰਡੀਜ਼ ਦੌਰੇ ‘ਤੇ ਹੋਣ ਕਾਰਨ ਸ਼ਮੀ ਨੂੰ ਸਮਰਪਣ ਕਰਨ ਲਈ 15 ਦਿਨ ਦਾ ਸਮਾਂ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਮਾਰਚ ‘ਚ ਸ਼ਮੀ ਖਿਲਾਫ ਉਸ ਦੀ ਪਤਨੀ ਹਸੀਨ ਜਹਾਂ ਨੇ ਦਾਜ ਲਈ ਤੰਗੀ ਅਤੇ ਜਿਨਸੀ ਪ੍ਰੇਸ਼ਾਨੀ ਦੇ ਦੋਸ਼ ਲਾਉਂਦਿਆਂ ਸ਼ਿਕਾਇਤ ਦਰਜ ਕਰਵਾਈ ਸੀ। ਜਿਸ ਤੋਂ ਬਾਅਦ ਸ਼ਮੀ ਖਿਲਾਫ ਭਾਰਤੀ ਕਨੂੰਨ ਦੀ ਧਾਰਾ 498 (ਦਾਜ ਲਈ ਤੰਗੀ) ਅਤੇ 354 (ਜਿਨਸੀ ਸੋਸ਼ਨ) ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇੱਥੇ ਹੀ ਬੱਸ ਨਹੀਂ ਜਹਾਂ ਨੇ ਸ਼ਮੀ ‘ਤੇ ਮੈਚ ਫਿਕਸਿੰਗ ਦੇ ਦੋਸ਼ ਵੀ ਲਾਏ ਸਨ ਜਿਸ ਨੂੰ ਬੀਸੀਸੀਆਈ ਨੇ ਜਾਂਚ ਤੋਂ ਬਾਅਦ ਕਲੀਨ ਚਿੱਟ ਦੇ ਦਿੱਤੀ ਸੀ।
ਦੱਸ ਦਈਏ ਕਿ ਅਦਾਲਤ ਵੱਲੋਂ ਆਏ ਫੈਸਲੇ ‘ਤੇ ਜਹਾਂ ਨੇ ਬੋਲਦਿਆਂ ਕਿਹਾ ਕਿ, “ਸ਼ਮੀ ਨੂੰ ਲਗਦਾ ਹੈ ਕਿ ਉਹ ਬਹੁਤ ਤਾਕਤਵਰ ਹੈ। ਉਸ ਨੂੰ ਲਗਦਾ ਹੈ ਉਹ ਬਹੁਤ ਵੱਡਾ ਕ੍ਰਿਕਟਰ ਹੈ। ਪਰ ਮੈਂ ਕਨੂੰਨ ਵਿਵਸਥਾ ਦੀ ਸ਼ੁਕਰਗੁਜਾਰ ਹਾਂ। ਮੈਂ ਪਿਛਲੇ ਇੱਕ ਸਾਲ ਤੋਂ ਨਿਆ ਲਈ ਲੜ ਰਹੀ ਸੀ”।
ਇੱਥੇ ਹੀ ਹਸੀਨ ਜਹਾਂ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਤਾਰੀਫ ਕਰਦਿਆਂ ਕਿਹਾ ਕਿ ਜੇਕਰ ਉਹ ਨਾ ਹੁੰਦੇ ਤਾਂ ਮੈਂ (ਜਹਾਂ) ਸੁਰੱਖਿਅਤ ਨਹੀਂ ਰਹਿ ਸਕਦੀ ਸੀ। ਹਸੀਨ ਜਹਾਂ ਨੇ ਇਹ ਵੀ ਦੋਸ਼ ਲਾਇਆ ਕਿ ਅਮਰੋਹਾ ਪੁਲਿਸ ਨੇ ਉਸ ਨੂੰ ਅਤੇ ਉਸ ਦੀ ਬੇਟੀ ਨੂੰ ਤਸੀਹੇ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੇ।
- Advertisement -
[alg_back_button]