ਕੋਵਿਡ-19 : ਚਾਰ ਮਹੀਨਿਆਂ ਦੀ ਲੜਕੀ ਨੇ ਕੋਰੋਨਾ ਨੂੰ ਕੀਤਾ ਚਾਰੋ ਖਾਨੇ ਚਿੱਤ, ਸਿਹਤਯਾਬ ਹੋ ਕੇ ਪਰਤੀ ਘਰ

TeamGlobalPunjab
2 Min Read

ਭੋਪਾਲ : ਦੇਸ਼ ‘ਚ ਇੱਕ ਲੱਖ ਤੋਂ ਵੱਧ ਲੋਕ ਕੋਰੋਨਾ ਮਹਾਮਾਰੀ ਖਿਲਾਫ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੇ ਹਨ। ਜਦ ਕਿ 42 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਇਸ ‘ਚ ਹੀ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ‘ਚ ਇੱਕ ਚਾਰ ਮਹੀਨਿਆਂ ਦੀ ਨੰਨੀ ਜਿਹੀ ਪਰੀ ਨੇ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ ਹੈ। ਉਸ ਨੂੰ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਭੋਪਾਲ ਤੋਂ ਬੀਤੇ ਮੰਗਲਵਾਰ ਨੂੰ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਡਿਸਚਾਰਜ ਕੀਤਾ ਗਿਆ ਹੈ। ਇਹ ਲੜਕੀ ਏਮਜ਼ (ਭੋਪਾਲ) ਵਿੱਚ ਦਾਖਲ ਸਭ ਤੋਂ ਛੋਟੀ ਉਮਰ ਦੀ ਕੋਵਿਡ -19 ਨਾਲ ਸੰਕਰਮਿਤ ਮਰੀਜ਼ ਸੀ।

ਏਮਜ਼ ਭੋਪਾਲ ਦੇ ਵਧੀਕ ਮੈਡੀਕਲ ਸੁਪਰਡੈਂਟ ਅਤੇ ਲੋਕ ਸੰਪਰਕ ਅਫਸਰ ਡਾ. ਲਕਸ਼ਮੀ ਪ੍ਰਸ਼ਾਦ ਨੇ ਬੁੱਧਵਾਰ ਨੂੰ ਦੱਸਿਆ ਕਿ ਏਮਜ਼ ਭੋਪਾਲ ‘ਚੋਂ ਇੱਕ ਨਰਸਿੰਗ ਅਧਿਕਾਰੀ, ਉਸ ਦੀ ਚਾਰ ਮਹੀਨੇ ਦੀ ਬੇਟੀ ਅਤੇ ਇੱਕ ਸੱਤ ਸਾਲ ਦੇ ਬੱਚੇ ਨੂੰ ਸਫਲ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਏਮਜ਼ ਭੋਪਾਲ ਦੇ ਡਾਇਰੈਕਟਰ ਪ੍ਰੋਫੈਸਰ ਸਰਮਨ ਇਨ੍ਹਾਂ ਮਰੀਜ਼ਾਂ ਅਤੇ ਕਰਮਚਾਰੀਆਂ ਦਾ ਮਨੋਬਲ ਵਧਾਉਣ ਲਈ ਹਸਪਤਾਲ ‘ਚ ਮੌਜੂਦ ਰਹੇ। ਇਸ ਦੇ ਨਾਲ ਹੀ ਡਾਇਰੈਕਟਰ ਪ੍ਰੋਫੈਸਰ ਸਰਮਨ ਸਿੰਘ ਨੇ ਬਾਲ ਵਿਕਾਸ ਵਿਭਾਗ ਦੇ ਡਾਕਟਰਾਂ ਅਤੇ ਨਰਸਿੰਗ ਅਧਿਕਾਰੀਆਂ ਨੂੰ ਉਨ੍ਹਾਂ ਦੀ ਸਫਲਤਾ ਲਈ ਵਧਾਈ ਦਿੱਤੀ ਹੈ ਜਿਸ ਨਾਲ ਸਾਰੇ ਸਿਹਤ ਕਰਮਚਾਰੀਆਂ ਦੇ ਮਨੋਬਲ ਨੂੰ ਹੁਲਾਰਾ ਮਿਲਿਆ ਹੈ।

ਡਾ. ਲਕਸ਼ਮੀ ਪ੍ਰਸਾਦ ਨੇ ਦੱਸਿਆ ਕਿ ਏਮਜ਼ ਭੋਪਾਲ ‘ਚ ਕੋਰੋਨਾ ਦੇ ਕੁਲ  149 ਮਰੀਜ਼ ਦਾਖਲ ਹਨ, ਜਿਨ੍ਹਾਂ ਵਿਚੋਂ 70 ਲੋਕਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਉਨ੍ਹਾਂ ਨਾਲ ਹੀ ਦੱਸਿਆ ਕਿ ਏਮਜ਼ ਭੋਪਾਲ ਵਿੱਚ ਹੁਣ ਤੱਕ 9 ਮਰੀਜ਼ਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ।

ਦੱਸ ਦਈਏ ਕਿ ਦੇਸ਼ ‘ਚ ਹੁਣ ਤੱਕ ਕੋਰੋਨਾ ਦੇ 1 ਲੱਖ 7 ਹਜ਼ਾਰ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 3300 ਤੋਂ ਵੱਧ ਲੋਕ ਕੋਰੋਨਾ ਵਾਇਰਸ ਨਾਲ ਆਪਣੀ ਜਾਨ ਗੁਆ ਚੁੱਕੇ ਹਨ। ਜਦੋਂ ਕਿ ਵਿਸ਼ਵ ਪੱਧਰ ‘ਤੇ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ 3 ਲੱਖ 23 ਹਜ਼ਾਰ ਤੋਂ ਟੱਪ ਗਿਆ ਹੈ ਅਤੇ 49 ਲੱਖ ਲੋਕ ਕੋਰੋਨਾ ਮਹਾਮਾਰੀ ਦੀ ਲਪੇਟ ‘ਚ ਹਨ।

Share This Article
Leave a Comment