ਨਵੀਂ ਦਿੱਲੀ: ਕਾਂਝਵਾਲਾ ਕੇਸ ਦੇ ਸੱਤਵੇਂ ਮੁਲਜ਼ਮ ਅੰਕੁਸ਼ ਖੰਨਾ ਨੂੰ ਪੁਲਿਸ ਨੇ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਜਿਸ ਤੋਂ ਬਾਅਦ ਦਿੱਲੀ ਦੀ ਰੋਹਿਣੀ ਅਦਾਲਤ ਨੇ ਅੱਜ ਅੰਕੁਸ਼ ਖੰਨਾ ਨੂੰ ਜ਼ਮਾਨਤ ਦੇ ਦਿੱਤੀ ਹੈ। ਉਸ ਨੂੰ 20,000 ਰੁਪਏ ਦੇ ਨਿੱਜੀ ਮੁਚੱਲਕੇ ‘ਤੇ ਜ਼ਮਾਨਤ ਮਿਲੀ ਹੈ। ਇਸ ਮਾਮਲੇ ਵਿੱਚ ਪੁਲੀਸ ਨੇ ਪਹਿਲਾਂ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਅੰਕੁਸ਼ ਖੰਨਾ ਨੇ ਸ਼ੁੱਕਰਵਾਰ ਨੂੰ ਆਤਮ ਸਮਰਪਣ ਕਰ ਦਿੱਤਾ। ਅੰਕੁਸ਼ ਮੁੱਖ ਦੋਸ਼ੀ ਅਮਿਤ ਖੰਨਾ ਦਾ ਭਰਾ ਹੈ ਜੋ ਕਾਰ ਚਲਾ ਰਿਹਾ ਸੀ।
31 ਦਸੰਬਰ ਦੀ ਰਾਤ ਨੂੰ ਕਾਂਝਵਾਲਾ ਵਿੱਚ ਕਾਰ ਵੱਲੋਂ ਮਰੀ ਗਈ ਟੱਕਰ ਕਾਰਨ ਲੜਕੀ ਅੰਜਲੀ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਇੱਕ ਤੋਂ ਬਾਅਦ ਇੱਕ ਨਵੇਂ ਖੁਲਾਸੇ ਹੋ ਰਹੇ ਹਨ। ਪੀੜਤ ਅੰਜਲੀ ਸਿੰਘ ਨੂੰ ਕੁਚਲਣ ਤੋਂ ਬਾਅਦ ਕਾਰ ਪਾਰਕ ਕਰਨ ਆਏ ਮੁਲਜ਼ਮ ਦੀ ਸੀਸੀਟੀਵੀ ਫੁਟੇਜ ਤੋਂ ਬਾਅਦ ਮੁਲਜ਼ਮ ਆਸ਼ੂਤੋਸ਼ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਮੌਕੇ ਤੇ ਮੀਡੀਆ ਰੋਹਿਣੀ ਦੇ ਡੀ ਬਲਾਕ ਦੇ ਇਲਾਕੇ ਵਿੱਚ ਪਹੁੰਚਿਆ ਜਿੱਥੋਂ ਕਾਰ ਮਿਲੀ ਸੀ। ਉੱਥੇ ਹੀ ਗੁਆਂਢੀਆਂ ਨੇ ਦੱਸਿਆ ਕਿ 1 ਜਨਵਰੀ ਨੂੰ ਸਵੇਰੇ 4:07 ਤੋਂ 5:00 ਵਜੇ ਤੱਕ ਦੀਪਕ ਨੂੰ ਆਸ਼ੂਤੋਸ਼ ਦੇ ਨਾਲ ਸੀਸੀਟੀਵੀ ਫੁਟੇਜ ‘ਚ ਦੇਖਿਆ ਗਿਆ ਸੀ, ਜਦਕਿ ਇਸ ਤੋਂ ਪਹਿਲਾਂ ਆਸ਼ੂਤੋਸ਼ ਨੇ ਪੁਲਸ ਨੂੰ ਦੱਸਿਆ ਸੀ ਕਿ ਦੀਪਕ ਕਾਰ ਦੀਆਂ ਚਾਬੀਆਂ ਦੇਣ ਤੋਂ ਬਾਅਦ ਚਲਾ ਗਿਆ ਸੀ।