ਮਾਸਕੋ : ਜਾਨਲੇਵਾ ਕੋਰੋਨਾਵਾਇਰਸ ਨੂੰ ਹੁਣ ਤੱਕ ਹਲਕੇ ਵਿੱਚ ਲੈਣ ਵਾਲੇ ਰੂਸ ਤੇ ਜਪਾਨ ਨੇ ਵਾਇਰਸ ਨਾਲ ਲੜਨ ਲਈ ਸਖਤ ਕਦਮ ਚੁੱਕੇ ਹਨ। ਰੂਸ ਵਿੱਚ ਬੀਤੇ ਮੰਗਲਵਾਰ ਕੋਰੋਨਾ ਦੇ 500 ਤੋਂ ਜ਼ਿਆਦਾ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜੋ ਕਿ ਰੂਸ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਣਤੀ ਹੈ। ਜਿਸ ਨਾਲ ਰੂਸ ਵਿੱਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ 2200 ਤੋਂ ਵੱਧ ਹੋ ਗਈ ਹੈ। ਮਾਸਕੋ ਸ਼ਹਿਰ ਕੋਰੋਨਾਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਜਿਸ ਦੇ ਚੱਲਦਿਆਂ ਰੂਸ ਨੇ ਇੱਕ ਹਫਤੇ ਲਈ ਕੀਤੇ ਗਏ ਲਾਕਡਾਊਨ ਦੇ ਨਿਯਮਾਂ ਵਿੱਚ ਹੋਰ ਸਖਤੀ ਕਰ ਦਿੱਤੀ ਹੈ। ਰਾਸ਼ਟਰਪਤੀ ਪੁਤਿਨ ਨੇ ਇਸ ਹਫਤੇ ਨੂੰ ‘ਨਾਨ-ਵਰਕਿੰਗ ਵੀਕ’ ਘੋਸ਼ਿਤ ਕੀਤਾ ਹੈ। ਨਾਲ ਹੀ ਸਾਰੇ ਲੋਕਾਂ ਨੂੰ ਆਪਣੇ ਘਰਾਂ ਅੰਦਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।
ਕੋਰੋਨਾਵਾਇਰਸ ਦੇ ਵੱਧਦੇ ਕਹਿਰ ਨੂੰ ਵੇਖਦੇ ਹੋਏ ਰੂਸ ਤੋਂ ਬਾਅਦ ਜਪਾਨ ਵੀ ਹਰਕਤ ਵਿੱਚ ਆ ਗਿਆ। ਜਿਸ ਤੋਂ ਬਾਅਦ ਜਪਾਨ ਨੇ 73 ਦੇਸ਼ਾਂ ਦੀ ਯਾਤਰਾ ‘ਤੇ ਰੋਕ ਲਗਾਉਣ ਦੀ ਤਿਆਰੀ ਕਰ ਲਈ ਹੈ। ਜਿਨ੍ਹਾਂ ਵਿੱਚ ਅਮਰੀਕਾ, ਕਨੈਡਾ, ਸਾਊਥ ਕੋਰੀਆ ਵੀ ਸ਼ਾਮਲ ਹਨ। ਐਤਵਾਰ ਤੋਂ ਬਾਅਦ ਜਪਾਨ ਵਿੱਚ ਕੋਰੋਨਾ ਦੇ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਜਪਾਨ ਵਿੱਚ 30 ਮਾਰਚ ਤੱਕ ਲਗਭਗ 1900 ਕੋਰੋਨਾ ਨਾਲ ਸੰਕਰਮਿਤ ਮਾਮਲਿਆਂ ਦੀ ਪੁਸ਼ਟੀ ਹੋਈ ਹੈ।
ਦੱਸ ਦਈਏ ਕਿ ਕੋਰੋਨਾਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਅਮਰੀਕਾ ਨੇ ਚੀਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਅਮਰੀਕਾ ਵਿੱਚ ਵਾਇਰਸ ਨਾਲ ਹੁਣ ਤੱਕ 3800 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦ ਕਿ ਚੀਨ ਵਿੱਚ ਇਹ ਅੰਕੜਾ 3305 ਹੈ। ਅਮਰੀਕਾ ਵਿੱਚ ਸਭ ਤੋਂ ਵੱਧ 1 ਲੱਖ 80 ਹਜ਼ਾਰ ਲੋਕ ਕੋਰੋਨਾ ਨਾਲ ਸੰਕਰਮਿਤ ਹਨ। ਵਿਸ਼ਵ ਪੱਧਰ ‘ਤੇ ਜਾਨਲੇਵਾ ਕੋਰੋਨਾਵਾਇਰਸ ਨਾਲ ਹੁਣ ਤੱਕ 40 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਤੇ 8 ਲੱਖ ਤੋਂ ਵੱਧ ਲੋਕ ਇਸ ਵਾਇਰਸ ਨਾਲ ਸੰਕਰਮਿਤ ਹੋਏ ਹਨ।