ਨਵੀਂ ਦਿੱਲੀ: ਕੋਰੋਨਾ ਵਾਇਰਸ ਹੋਣ ਦਾ ਜ਼ਿਆਦਾ ਖ਼ਤਰਾ ਪਹਿਲਾਂ ਬਜ਼ੁਰਗਾਂ ਨੂੰ ਦਸਿਆ ਜਾਦਾਂ ਸੀ।ਉਸਤੋਂ ਬਾਅਦ ਬੱਚੇ ਵੀ ਇਸਦੀ ਲਪੇਟ ‘ਚ ਆਉਣ ਲੱਗ ਪਏ।ਪਰ ਹੁਣ ਹੈਰਾਨੀ ਵਾਲੀ ਗੱਲ ਇਹ ਹੈ ਕੋਰੋਨਾ ਵਾਇਰਸ ਦੇ ਜਾਲ ‘ਚ ਹੁਣ ਜਾਨਵਰ ਵੀ ਆ ਰਹੇ ਹਨ।ਕੋਰੋਨਾ ਵਾਇਰਸ ਦਾ ਘੇਰਾ ਵਿਸ਼ਾਲ ਹੁੰਦਾ ਜਾ ਰਿਹਾ ਹੈ। ਹੈਦਰਾਬਾਦ ‘ਚ ਪਹਿਲਾਂ ਸ਼ੇਰਾਂ ਦੇ ਵਿੱਚ ਇਹ ਵਾਇਰਸ ਪਾਇਆ ਗਿਆ, ਜਿਸ ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ ਦੇ ਇਟਾਵਾ ਵਿੱਚ ਲਾਇਨ ਸਫਾਰੀ ਦੀਆਂ ਦੋ ਸ਼ੇਰਨੀਆਂ ਗੌਰੀ ਅਤੇ ਜੈਨਿਫਰ ਕੋਰੋਨਾ ਪਾਜ਼ੇਟਿਵ ਪਾਈਆਂ ਗਈਆਂ ਹਨ। ਇਨ੍ਹਾਂ ਦੋਨਾਂ ਨੂੰ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ। ਜਿੱਥੇ ਇਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਇਨ੍ਹਾਂ ਤੋਂ ਬਾਅਦ ਦਿੱਲੀ ਦੇ ਚਿੜੀਆਘਰ ਦੇ ਜਾਨਵਰਾਂ ਦੇ ਸੈਂਪਲ ਵੀ ਲਏ ਗਏ ਹਨ। ਚਿੜੀਆਘਰ ਦੇ ਡਾਇਰੈਕਟਰ ਰਮੇਸ਼ ਕੁਮਾਰ ਪਾਂਡੇ ਨੇ ਦੱਸਿਆ ਕਿ ਭੇਜੇ ਗਏ ਸੈਂਪਲ ਵਿਚ ਸ਼ੇਰ ਦਾ ਸੈਂਪਲ ਵੀ ਸੀ। ਆਈਵੀਆਰਐਲ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਸ਼ੇਰ ਦਾ ਸੈਂਪਲ ਨਕਾਰਾਤਮਕ ਆਇਆ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਅਸੀਂ ਪੂਰੀ ਰਿਪੋਰਟ ਦੇ ਆਉਣ ਦੀ ਉਡੀਕ ਕਰ ਰਹੇ ਹਾਂ। ਚੀਤਾ ਅਤੇ ਰਿੱਛ ਆਦਿ ਦੇ ਸੈਂਪਲ ਵੀ ਜਾਂਚ ਲਈ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਸੀ.ਜ਼ੈਡ.ਏ ਅਤੇ ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਪ੍ਰਦੂਸ਼ਣ ਕੰਟਰੋਲ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ। ਚਿੜੀਆਘਰ ਵਿਚਲੇ ਸਾਰੇ ਘੇਰਿਆਂ ਅਤੇ ਹੋਰ ਥਾਵਾਂ ਦੀ ਸਵੱਛਤਾ ਨਿਯਮਤ ਰੂਪ ਵਿਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸਤੋਂ ਇਲਾਵਾ ਜਾਨਵਰਾਂ ਨੂੰ ਦਿੱਤੇ ਜਾਣ ਵਾਲੇ ਖਾਣੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਜੰਗਲੀ ਜੀਵਣ ਦੀ ਨਿਗਰਾਨੀ ਕਰਨ ਵਾਲੇ ਕਰਮਚਾਰੀਆਂ ਦਾ ਟੀਕਾਕਰਨ ਵੀ ਕੀਤਾ ਜਾ ਚੁੱਕਿਆ ਹੈ।