ਨਵੀਂ ਦਿੱਲੀ: ਦੇਸ਼ ਵਿਚ ਤਬਲੀਗੀ ਜਮਾਤ ਕਾਰਨ ਕੋਰੋਨਾ ਵਾਇਰਸ ਦੇ ਮਾਮਲਿਆਂ ਨੇ ਇੱਕ ਦਮ ਤੇਜੀ ਫੜ ਲਈ ਸੀ। ਮੰਗਲਵਾਰ ਨੂੰ ਪੂਰੇ ਦੇਸ਼ ਵਿਚ ਲਗਭਗ 500 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਮਰੀਜ਼ਾਂ ਦਾ ਅੰਕੜਾ ਪੰਜ ਹਜ਼ਾਰ ਪਾਰ ਕਰ ਗਿਆ ਹੈ। ਉੱਥੇ ਹੀ ਵੱਖ-ਵੱਖ ਰਾਜਾਂ ਵਿਚ 16 ਲੋਕਾਂ ਦੀ ਜਾਨ ਵੀ ਗਈ ਅਤੇ ਮ੍ਰਿਤਕਾਂ ਦੀ ਗਿਣਤੀ 150 ਨੂੰ ਪਾਰ ਕਰ ਗਈ।
ਦੇਸ਼ ਵਿਚ ਮੰਗਲਵਾਰ ਨੂੰ ਹੋਰ 16 ਲੋਕਾਂ ਦੀ ਕੋਰੋਨਾ ਨਾਲ ਮੌਤਾਂ ‘ਚ ਸਭ ਤੋਂ ਜ਼ਿਆਦਾ ਮਹਾਰਾਸ਼ਟਰ ਵਿਚ ਅੱਠ ਮੌਤਾਂ ਹੋਈਆਂ ਹਨ। ਇਨ੍ਹਾਂ ਵਿਚ ਪੰਜ ਮੁੰਬਈ ਵਿਚ ਅਤੇ ਤਿੰਨ ਪੁਣੇ ਵਿਚ ਜਦਕਿ ਮੱਧ ਪ੍ਰਦੇਸ਼ ਵਿਚ ਚਾਰ ਅਤੇ ਗੁਜਰਾਤ, ਜੰਮੂ-ਕਸ਼ਮੀਰ, ਤਾਮਿਲਨਾਡੂ ਅਤੇ ਓਡੀਸ਼ਾ ਵਿਚ ਇਕ-ਇਕ ਵਿਅਕਤੀ ਨੇ ਦਮ ਤੋੜ ਦਿੱਤਾ।
ਹਾਲਾਂਕਿ ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਕੋਰੋਨਾ ਵਾਇਰਸ ਨਾਲ ਦੇਸ਼ ਵਿਚ ਹਾਲੇ ਤਕ 124 ਲੋਕਾਂ ਦੀ ਮੌਤ ਹੋਈ ਅਤੇ 4789 ਇਨਫੈਕਟਡ ਹੋਏ ਹਨ ਜਦਕਿ 326 ਲੋਕ ਠੀਕ ਹੋਏ ਹਨ।
ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਜਾਣ ਵਾਲੇ ਅੰਕੜਿਆਂ ਅਤੇ ਰਾਜਾਂ ਤੋਂ ਮਿਲਣ ਵਾਲੇ ਅੰਕੜਿਆਂ ਵਿਚ ਅੰਤਰ ‘ਤੇ ਮੰਤਰਾਲੇ ਨੇ ਕਿਹਾ ਹੈ ਕਿ ਰਾਜਾਂ ਵਿਚ ਮਰੀਜ਼ਾਂ ਅਤੇ ਮੌਤਾਂ ਨੂੰ ਲੈ ਕੇ ਸੂਚਨਾਵਾਂ ਦੇਰੀ ਨਾਲ ਮਿਲ ਰਹੀਆਂ ਹਨ ਅਤੇ ਫਿਰ ਉਨ੍ਹਾਂ ਨੂੰ ਸੰਕਲਨ ਵਿਚ ਸਮਾਂ ਲੱਗਦਾ ਹੈ, ਇਸ ਕਾਰਨ ਅੰਕੜਿਆਂ ਵਿਚ ਫਰਕ ਆਉਂਦਾ ਹੈ।