ਲੁਧਿਆਣਾ : ਸੂਬੇ ਵਿਚ ਕੋਰੋਨਾ ਵਾਇਰਸ ਨੇ ਅਜ ਵੱਡੇ ਪੱਧਰ ਤੇ ਦਸਤਕ ਦਿੱਤੀ ਹੈ । ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਪੰਜਾਬ ਵਿੱਚ 1 ਹਜਾਰ ਤੋਂ ਵਧ ਗਈ ਹੈ । ਇਸ ਕਾਰਨ ਅਜ ਜਿਥੇ ਫਿਰੋਜ਼ਪੁਰ ਵਿੱਚ ਪਹਿਲੀ ਮੌਤ ਹੋਈ ਹੈ ਉੱਥੇ ਹੀ ਫਗਵਾੜਾ ਦੇ ਇਕ ਵਿਅਕਤੀ ਨੇ ਸ਼ੱਕੀ ਹਾਲਾਤਾਂ ਵਿੱਚ ਦਮ ਤੋੜ ਦਿੱਤਾ ਹੈ
ਦਸ ਦੇਈਏ ਕਿ ਇਹ ਵਿਅਕਤੀ ਇਥੋਂ ਦੇ ਪਲਾਹੀ ਗੇਟ ਦਾ ਰਹਿਣ ਵਾਲਾ ਸੀ ਅਤੇ ਇਸ ਦੀ ਪੁਸ਼ਟੀ ਨਿਰੰਜਨ ਦਾਸ ਵਜੋਂ ਹੋਈ ਹੈ । ਜਾਣਕਾਰੀ ਮੁਤਾਬਕ ਨਿਰੰਜਣ ਦਾਸ ਕਿਸੇ ਬਿਮਾਰੀ ਦਾ ਪਿਛਲੇ ਕਾਫੀ ਸਮੇਂ ਤੋਂ ਵਖ ਵਖ ਹਸਪਤਾਲਾਂ ਵਿੱਚ ਇਲਾਜ ਕਰਵਾ ਰਿਹਾ ਸੀ । ਕੁਝ ਦਿਨ ਪਹਿਲਾ ਇਸ ਨੂੰ ਲੁਧਿਆਣਾ ਦੇ ਡੀਐਮਸੀ ਵਿੱਚ ਇਲਾਜ ਲਈ ਲਿਆਂਦਾ ਗਿਆ।ਜਿੱਥੇ ਕਿ ਬੀਤੀ ਰਾਤ ਉਸਦੀ ਮੌਤ ਹੋ ਗਈ। ਇਸ ਵਿਅਕਤੀ ਨੂੰ ਕੋਰੋਨਾ ਵਾਇਰਸ ਹੋਣ ਦਾ ਖਦਸਾ ਜਤਾਇਆ ਜਾ ਰਿਹਾ ਹੈ । ਇਸ ਕਾਰਨ ਡਾਕਟਰਾਂ ਵਲੋ ਮ੍ਰਿਤਕ ਨਿਰੰਜਣ ਦਾਸ ਦੇ ਸੈਂਪਲ ਲਏ ਗਏ ਹਨ ।
ਪਤਾ ਲੱਗਿਆ ਹੈ ਕਿ ਮ੍ਰਿਤਕ ਵਿਅਕਤੀ ਦੀ ਮੌਤ ਸ਼ੱਕੀ ਹਾਲਾਤ ਵਿੱਚ ਹੋਣ ਕਾਰਨ ਉਸਦੇ ਪਰਿਵਾਰਕ ਮੈਂਬਰਾਂ ਅਤੇ ਸੰਪਰਕ ਵਿੱਚ ਆਏ ਵਿਅਕਤੀਆਂ ਨੂੰ ਆਈਸੋਲੇਟ ਕਰ ਦਿੱਤਾ ਗਿਆ ਹੈ ਅਤੇ ਫਗਵਾੜਾ ਪੁਲਿਸ ਵੱਲੋ ਪਲਾਹੀ ਗੇਟ ਵਿਖੇ ਸਥਿਤ ਗਲੀ ਨੰਬਰ 10 ਨੂੰ ਪੂਰੀ ਤਰਾਂ ਨਾਲ ਸੀਲ ਕਰ ਦਿੱਤਾ ਗਿਆ ਹੈ।