ਨਵੀਂ ਦਿੱਲੀ: ਦੇਸ਼ ਵਿਚ ਪਿੰਡਾਂ ਤੋਂ ਲੈ ਕੇ ਜ਼ਿਲ੍ਹਿਆਂ ਤੱਕ ਅਤੇ ਰਾਜ ਪੱਧਰ ‘ਤੇ ਟੀਕਾਕਰਣ ਦੀ ਤਿਆਰੀ ਤੋਂ ਬਾਅਦ ਹੁਣ ਸਰਕਾਰ ਨੇ ਇਕ ਸਰਟੀਫਿਕੇਟ ਵੀ ਤਿਆਰ ਕਰ ਲਿਆ ਹੈ ਜੋ ਟੀਕਾ ਲਗਵਾਉਣ ਵਾਲੇ ਹਰੇਕ ਵਿਅਕਤੀ ਨੂੰ ਜਾਰੀ ਕੀਤਾ ਜਾਵੇਗਾ। ਇਹ ਸਰਟੀਫਿਕੇਟ QR ਕੋਡ ਨਾਲ ਲੈਸ ਹੋਵੇਗਾ, ਜਿਸ ‘ਚ ਵੈਕਸੀਨ ਲਗਵਾਉਣ ਵਾਲੇ ਵਿਅਕਤੀ ਦੀ ਪਛਾਣ ਨਾਲ ਜੁੜੀ ਸਾਰੀ ਜਾਣਕਾਰੀ ਹੋਵੇਗੀ।
ਸਿਰਫ ਇੰਨਾ ਹੀ ਨਹੀਂ, ਸਰਟੀਫਿਕੇਟ ‘ਤੇ ਵਿਅਕਤੀ ਦੀ ਫੋਟੋ ਵੀ ਲਾਜ਼ਮੀ ਹੋਵੇਗੀ ਅਤੇ ਪਛਾਣ ਸਾਬਤ ਕੀਤੇ ਬਿਨਾਂ, ਟੀਕਾ ਨਹੀਂ ਲਗਾਇਆ ਜਾਵੇਗਾ। ਟੀਕਾ ਲਗਾਉਣ ਤੋਂ ਬਾਅਦ, ਉਸ ਵਿਅਕਤੀ ਦੇ ਫੋਨ ‘ਤੇ ਇਕ ਸੁਨੇਹਾ ਵੀ ਆਵੇਗਾ, ਜਿਸ ਵਿਚ ਇਹ ਦੱਸਿਆ ਜਾਵੇਗਾ ਕਿ ਉਸ ਨੂੰ ਇਹ ਟੀਕਾ ਕਿਸ ਦਿਨ ਅਤੇ ਕਿੱਥੇ ਲੱਗਿਆ ਹੈ ਅਤੇ ਉਸਦਾ ਸਰਟੀਫਿਕੇਟ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਸਿਹਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਵੈਕਸੀਨ ਦਾ ਬੈਚ ਨੰਬਰ ਵੀ ਹਰੇਕ ਸਰਟੀਫਿਕੇਟ ‘ਤੇ ਲਿਖਿਆ ਜਾਵੇਗਾ। ਇੱਕ ਵਿਅਕਤੀ ਨੂੰ ਘੱਟੋ-ਘੱਟ ਦੋ ਅਤੇ ਵੱਧ ਤੋਂ ਵੱਧ ਤਿੰਨ ਖੁਰਾਕਾਂ ਦਿੱਤੀਆਂ ਜਾ ਸਕਦੀਆਂ ਹਨ। ਹਰੇਕ ਖੁਰਾਕਦਾ ਬੈਚ ਨੰਬਰ, ਟੀਕੇ ਦੀ ਜਗ੍ਹਾ ਅਤੇ ਤਰੀਕ ਨੂੰ ਸਾਰੇ ਸਰਟੀਫਿਕੇਟ ‘ਤੇ ਲਿਖਣਾ ਲਾਜ਼ਮੀ ਹੋਵੇਗਾ ਅਤੇ QR ਕੋਡ ਨਾਲ ਇਸ ਦੀ ਪਛਾਣ ਕੀਤੀ ਜਾਵੇਗੀ।
ਦੱਸ ਦਈਏ ਇਹ ਇਕ ਪੂਰਾ ਡਿਜੀਟਲਾਈਜ਼ਡ ਸਰਟੀਫਿਕੇਟ ਰਹੇਗਾ, ਜਿਸ ਨੂੰ ਇਕ ਵਿਅਕਤੀ ਆਪਣੇ ਫੋਨ ‘ਤੇ ਡਾਊਨਲੋਡ ਕਰ ਸਕਦਾ ਹੈ। ਨਾਲ ਹੀ, ਉਸ ਦੀ ਜਨਮ ਮਿਤੀ ਅਤੇ ਮੌਜੂਦਾ ਪਤਾ ਵੀ ਨਿਸ਼ਚਤ ਤੌਰ ‘ਤੇ ਉਥੇ ਲਿਖੇ ਜਾਣਗੇ।
ਇੰਝ ਹੋਵੇਗੀ ਟੀਕਾਕਰਣ ਦੀ ਪ੍ਰਕਿਰਿਆ:
ਤੁਹਾਨੂੰ ਕੋਵਿਡ ਐਪ ਜਾਂ ਵੈਬਸਾਈਟ ‘ਤੇ ਜਾ ਕੇ ਖੁਦ ਨੂੰ ਰਜਿਸਟਰ ਕਰਨਾ ਪਵੇਗਾ ਅਤੇ ਸਾਰੀ ਜਾਣਕਾਰੀ ਭਰਨ ਲਈ, ਇੱਕ ਸ਼ਨਾਖਤੀ ਕਾਰਡ ਵੀ ਦੇਣਾ ਪਵੇਗਾ।
ਰਜਿਸਟ੍ਰੇਸ਼ਨ ਓਟੀਪੀ ਰਾਹੀਂ ਕੀਤੀ ਜਾਵੇਗੀ। 100 ਲੋਕਾਂ ਦੀ ਨਿਯੁਕਤੀ ਇੱਕ ਬੂਥ ‘ਤੇ 1 ਦਿਨ ਵਿੱਚ ਨਿਰਧਾਰਤ ਕੀਤੀ ਜਾਵੇਗੀ ਅਤੇ ਜੇ ਸਭ ਕੁਝ ਠੀਕ ਰਿਹਾ ਤਾਂ ਫ਼ੋਨ ਤੇ ਸੁਨੇਹਾ ਆਵੇਗਾ ਜੋ ਟੀਕਾਕਰਣ ਦੇ ਸਮੇ ਅਤੇ ਸਥਾਨ ਵਾਰੇ ਦੱਸੇਗਾ।
ਟੀਕਾਕਰਣ ਕਮਰੇ ‘ਚ ਖੁਰਾਕ ਲੈਣ ਤੋਂ ਬਾਅਦ ਤੁਹਾਨੂੰ ਅੱਧੇ ਘੰਟੇ ਲਈ ਡਾਕਟਰੀ ਨਿਗਰਾਨੀ ਹੇਠ ਰੱਖਿਆ ਜਾਵੇਗਾ।