ਹੁਸ਼ਿਆਰਪੁਰ : ਸੂਬੇ ‘ਚ ਰੋਜ਼ਾਨਾ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਸਾਹਮਣੇ ਆ ਰਹੇ ਹਨ। ਅੱਜ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ‘ਚ ਕੋਰੋਨਾ ਦੇ 4 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜਿਸ ਨਾਲ ਜ਼ਿਲ੍ਹੇ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦਾ ਅੰਕੜਾਂ 111 ਤੱਕ ਪਹੁੰਚ ਗਿਆ ਹੈ। ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਨਵੇਂ ਮਿਲੇ 4 ਕੋਰੋਨਾ ਸੰਕਰਮਿਤ ਮਰੀਜ਼ਾਂ ‘ਚ 3 ਪਿੰਡ ਨੰਗਲੀ (ਜਲਾਲਪੁਰ) ਦੇ ਰਹਿਣ ਵਾਲੇ ਹਨ ਅਤੇ 1 ਮਰੀਜ਼ ਪਿੰਡ ਪੁਰੀਕਾ ਦੇ ਕਿਡਨੀ ਤੋਂ ਪ੍ਰਭਾਵਿਤ ਵਿਅਕਤੀ ਜਿਸ ਦੀ ਕੁਝ ਦਿਨ ਪਹਿਲਾਂ ਜਲੰਧਰ ਵਿਖੇ ਮੌਤ ਹੋ ਗਈ ਸੀ, ਦੇ ਨਜ਼ਦੀਕੀ ਹਨ। ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਇਸ ਵਿਅਕਤੀ ਦੇ ਸੰਪਰਕ ‘ਚ ਆਉਣ ਨਾਲ ਕੁਲ 13 ਵਿਅਕਤੀ ਵਾਇਰਸ ਦੀ ਲਪੇਟ ‘ਚ ਆ ਗਏ ਹਨ।
ਟਾਂਡਾ ਦੇ ਪਿੰਡ ਨੰਗਲੀ (ਜਲਾਲਪੁਰ) ਕੋਰੋਨਾ ਦਾ ਹਾਟਸਪੌਟ ਬਣਦਾ ਜਾ ਰਿਹਾ ਹੈ। ਪਿੰਡ ਨੰਗਲੀ ‘ਚ ਕੋਰੋਨਾ ਦੇ 10 ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਸ ਦੇ ਚੱਲਦਿਆਂ ਪਿੰਡ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਸਿਹਤ ਅਧਿਕਾਰੀਆਂ ਵੱਲੋ ਜਾਂਚ ਲਈ ਸੈਂਪਲ ਇਕੱਤਰ ਕੀਤੇ ਜਾ ਰਹੇ ਹਨ।
ਸਿਵਲ ਸਰਜਨ ਨੇ ਦੱਸਿਆ ਕਿ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ ‘ਚ ਆਉਣ ਵਾਲੇ 127 ਵਿਅਕਤੀਆਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਸਨ। ਜਿਨ੍ਹਾਂ ‘ਚੋਂ 4 ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 2048 ਕੋਰੋਨਾ ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਲਏ ਗਏ ਹਨ ਜਿਨ੍ਹਾਂ ‘ਚੋਂ 1822 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 111 ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਬਾਕੀ ਰਹਿੰਦੇ 86 ਸੈਂਪਲਾਂ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ‘ਚ ਕੋਰੋਨਾ ਦੇ 17 ਐਕਟਿਵ ਕੇਸ ਹਨ।