ਕੋਰੋਨਾ : ਹਰਿਆਣਾ ਦੇ ਝੱਜਰ ‘ਚ 9 ਸਬਜ਼ੀ ਵਿਕਰੇਤਾ ਸਮੇਤ ਇੱਕ ਨਰਸ ਕੋਰੋਨਾ ਦੀ ਲਪੇਟ ‘ਚ

TeamGlobalPunjab
2 Min Read

ਰੋਹਤਕ : ਹਰ ਰੋਜ਼ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਕੋਰੋਨਾ ਦੇ ਸੰਕਰਮਿਤ ਮਰੀਜ਼ਾਂ ਦੇ ਮਿਲਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸ ‘ਚ ਹੀ ਹਰਿਆਣਾ ਦੇ ਜ਼ਿਲ੍ਹਾ ਝੱਜਰ ‘ਚ ਕੋਰੋਨਾ ਦੇ 10 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਸੰਕਰਮਿਤ ਮਰੀਜ਼ਾਂ ‘ਚ 9  ਸਬਜ਼ੀ ਵਿਕਰੇਤਾ ਤੇ ਇੱਕ ਹਸਪਤਾਲ ਦੀ ਨਰਸ ਸ਼ਾਮਲ ਹੈ। ਜਿਸ ਨਾਲ ਝੱਜਰ ਜ਼ਿਲ੍ਹੇ ਵਿੱਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤ 18 ਤੱਕ ਪਹੁੰਚ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਬਜ਼ੀ ਵਿਕਰੇਤਾ ਹਾਲ ਹੀ ‘ਚ ਦਿੱਲੀ ਗਏ ਸਨ।

ਜ਼ਿਲ੍ਹੇ ‘ਚ 9 ਸਬਜ਼ੀ ਵਾਲਿਆਂ ‘ਚ ਕੋਰੋਨਾ ਦੀ ਪੁਸ਼ਟੀ ਹੋਣ ਨਾਲ ਸਥਾਨਕ ਲੋਕਾਂ ਦੇ ਦਿਲਾਂ ‘ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਝੱਜਰ ਦੇ ਸੀ.ਐੱਮ.ਓ. ਡਾਂ ਰਣਦੀਪ ਪੂਨੀਆ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਇਨ੍ਹਾਂ ਸੰਕਰਮਿਤ ਮਰੀਜ਼ਾਂ ਦੇ ਸੰਪਰਕ ‘ਚ ਆਉਣ ਵਾਲੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਝੱਜਰ ‘ਚ ਇਕੋ ਪਰਿਵਾਰ ਦੇ 5 ਮੈਂਬਰ ਕੋਰੋਨਾ ਸੰਕਰਮਿਤ ਪਾਏ ਗਏ ਸਨ। ਦਿੱਲੀ ਪੁਲਿਸ ਦੇ ਇਕ ਜਵਾਨ ਦੇ ਸੰਪਰਕ ‘ਚ ਆਉਣ ਨਾਲ ਉਸ ਦੀ ਮਾਂ, ਪਿਤਾ, ਬੱਚੇ ਅਤੇ ਪਤਨੀ ਕੋਰੋਨਾ ਦੀ ਲਪੇਟ ‘ਚ ਆ ਗਏ ਸਨ। ਸੋਮਵਾਰ ਨੂੰ ਸਿਹਤ ਵਿਭਾਗ ਨੇ ਮੰਡੀ ਵਿੱਚ ਮਜ਼ਦੂਰਾਂ ਅਤੇ ਸਬਜ਼ੀਆਂ ਵਿਕਰੇਤਾਵਾਂ ਦੇ ਨਮੂਨੇ ਲਏ ਸਨ।

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਬੀਤੇ ਬੁੱਧਵਾਰ ਨੂੰ ਦਿੱਲੀ ਦੇ ਨਾਲ ਲੱਗਦੇ ਗੁਰੂਗ੍ਰਾਮ, ਫ਼ਰੀਦਾਬਾਦ ਅਤੇ ਸੋਨੀਪਤ ਦੀਆਂ ਸਾਰੀਆਂ ਹੱਦਾਂ ਨੂੰ ਸੀਲ ਕਰਨ ਨੂੰ ਜਾਇਜ਼ ਠਹਿਰਾਇਆ ਸੀ। ਮੁੱਖ ਮੰਤਰੀ ਖੱਟੜ ਨੇ ਕਿਹਾ ਸੀ ਕਿ ਸਵੈ-ਸੁਰੱਖਿਆ ਲਈ ਇਹ ਕਦਮ ਚੁੱਕਣਾ ਬਹੁਤ ਜ਼ਰੂਰੀ ਸੀ। ਕਿਉਂਕਿ ਜਿਹੜੀ ਜ਼ਿੰਦਗੀ ਬਚੀ ਹੈ ਉਹ ਖ਼ਾਸ ਹੈ। ਇਸ ਦੇ ਨਾਲ ਹੀ ਖੱਟੜ ਨੇ ਕਿਹਾ ਸੀ ਕਿ ਹਰਿਆਣਾ ਸਰਕਾਰ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਕਾਫੀ ਹੱਦ ਤੱਕ ਸਫਲ ਰਹੀ ਹੈ। ਇਸ ਲਈ ਸੂਬੇ ਦੇ ਸਾਰੇ ਵਿਭਾਗਾਂ ਦੇ ਅਧਿਕਾਰੀ, ਕਰਮਚਾਰੀ ਵਧਾਈ ਦੇ ਪਾਤਰ ਹਨ।

ਦੱਸ ਦਈਏ ਕਿ ਹਰਿਆਣਾ ‘ਚ ਕੋਰੋਨਾ ਦੇ ਹੁਣ ਤੱਕ 310 ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 3 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਦੂਜੇ ਪਾਸੇ ਦੇਸ਼ ‘ਚ ਕੋਰੋਨਾ ਦੇ 33 ਹਜ਼ਾਰ ਤੋਂ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ 1075 ਲੋਕ ਵਾਇਰਸ ਨਾਲ ਆਪਣੀ ਜਾਨ ਗੁਆ ਚੁੱਕੇ ਹਨ।

Share This Article
Leave a Comment