ਦੋ ਹੋਰ ਆਰੋਪੀਆਂ ਨੂੰ ਪੁਲਿਸ ਰਿਮਾਂਡ ਖਤਮ ਹੋਣ ‘ਤੇ ਭੇਜਿਆ ਨਿਆਇਕ ਹਿਰਾਸਤ ‘ਚ
ਫ਼ਰੀਦਕੋਟ (ਗੁਰਜੀਤ ਸਿੰਘ ਰੋਮਾਣਾ) : ਬਰਗਾੜੀ ਵਿਖੇ ਬੇਅਦਬੀ ਮਾਮਲੇ ‘ਚ ਡੇਰਾ ਪ੍ਰੇਮੀਆਂ ਦੀਆਂ ਮੁਸ਼ਕਲਾਂ ਹਾਲੇ ਘੱਟ ਨਹੀ ਹੋ ਰਹੀਆਂ । ਬੇਅਦਬੀ ਮਾਮਲੇ ਤੋਂ ਬਾਅਦ ਵਿਵਾਦਿਤ ਪੋਸਟਰ ਮਾਮਲੇ ’ਚ ਦੋ ਹੋਰ ਡੇਰਾ ਪ੍ਰੇਮੀਆਂ ਨੂੰ ਨਾਮਜ਼ਦ ਕਰ ਲਿਆ ਗਿਆ ਹੈ, ਜਿਨ੍ਹਾਂ ਦਾ 31 ਮਈ ਲਈ ਪ੍ਰੋਡਕਸ਼ਨ ਵਰੰਟ ਜਾਰੀ ਕਰਵਾ ਇਸ ਮਾਮਲੇ ਦੀ ਜਾਂਚ ’ਚ ਸ਼ਾਮਲ ਕੀਤਾ ਜਾਵੇਗਾ। ਉਧਰ ਇਸ ਮਾਮਲੇ ’ਚ ਪਹਿਲਾਂ ਹੀ ਨਾਮਜ਼ਦ ਦੋ ਦੋਸ਼ੀਆਂ ਦੇ ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅੱਜ ਅਦਾਲਤ ਵੱਲੋਂ 14 ਦਿਨ ਦੀ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ।
ਬਚਾਅ ਪੱਖ ਦੇ ਵਕੀਲ ਵਿਨੋਦ ਮੋਂਗਾ ਨੇ ਦੱਸਿਆ ਕਿ ਪੋਸਟਰ ਮਾਮਲੇ ’ਚ ਦਰਜ FIR ਨੰਬਰ 117 ’ਚ ਹਿਰਾਸਤ ’ਚ ਲਏ ਦੋ ਡੇਰਾ ਪ੍ਰੇਮੀਆਂ ਸ਼ਕਤੀ ਸਿੰਘ ਅਤੇ ਰਣਜੀਤ ਸਿੰਘ ਨੂੰ ਅੱਜ ਪੁਲਿਸ ਰਿਮਾਂਡ ਖ਼ਤਮ ਹੋਣ ’ਤੇ ਅਦਾਲਤ ਪੇਸ਼ ਕੀਤਾ ਗਿਆ, ਜਿੱਥੇ ਉਨ੍ਹਾਂ ਨੂੰ ਮਾਨਯੋਗ ਅਦਾਲਤ ਵੱਲੋਂ 14 ਦਿਨ ਦੀ ਨਿਆਇਕ ਹਿਰਾਸਤ ’ਚ ਜੇਲ੍ਹ ਭੇਜ ਦਿੱਤਾ ਗਿਆ ।
ਇਸੇ ਮਾਮਲੇ ’ਚ ਦੋ ਹੋਰ ਡੇਰਾ ਪ੍ਰੇਮੀਆਂ ਸੁਖਜਿੰਦਰ ਸਿੰਘ ਉਰਫ ਸਨੀ ਕੰਡਾ ਅਤੇ ਬਲਜੀਤ ਸਿੰਘ ਜੋ ਪਹਿਲਾਂ ਹੀ ਬੇਅਦਬੀ ਮਾਮਲੇ ’ਚ ਨਾਮਜ਼ਦ ਹਨ ਦੋਵਾਂ ਨੂੰ ਵੀ ਵਿਵਾਦਿਤ ਪੋਸਟਰ ਮਾਮਲੇ ’ਚ ਨਾਮਜ਼ਦ ਕਰ ਲਿਆ ਗਿਆ ਹੈ, ਜਿਨ੍ਹਾਂ ਲਈ ਅੱਜ ਅਦਾਲਤ ’ਚ ਅਰਜ਼ੀ ਲਗਾ 31 ਮਈ ਲਈ ਪ੍ਰੋਡਕਸ਼ਨ ਵਰੰਟ ਲਿਆ ਗਿਆ ਹੈ।
ਦੱਸ ਦੇਈਏ ਕਿ ਇਹ ਦੋਵੇਂ ਦੋਸ਼ੀ ਕੋਰੋਨਾ ਪੀੜਤ ਸਨ, ਜਿਨ੍ਹਾਂ ਦਾ ਇਲਾਜ ਨਿਆਇਕ ਹਿਰਾਸਤ ਦੌਰਾਨ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ‘ਚ ਚੱਲ ਰਿਹਾ ਸੀ ।