ਵਾਤਾਵਰਣ ਸੰਤੁਲਨ ਦੀ ਬਹਾਲੀ ਲਈ ਕੁਦਰਤ ਦੀ ਸਾਂਭ-ਸੰਭਾਲ ਕੀਤੀ ਜਾਵੇ: ਡਾ. ਮਰਵਾਹਾ

TeamGlobalPunjab
4 Min Read

ਵਾਤਾਵਰਣ ਦਿਵਸ ਹਫ਼ਤੇ ਦੇ ਦੂਸਰੇ ਦਿਨ “ਏ ਸੈਕਿੰਡ ਹੈਂਡ ਲਾਇਫ਼” ਫ਼ਿਲਮ ਲਾਂਚ

ਚੰਡੀਗੜ੍ਹ, (ਅਵਤਾਰ ਸਿੰਘ): ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪਟਿਆਲਾ ਵਲੋਂ ਵਾਤਾਵਰਣ ਸੰਚਾਰ ਕੇਂਦਰ ਨਾਲ ਮਿਲਕੇ 2 ਤੋਂ 5 ਜੂਨ ਤੱਕ ਵਿਸ਼ਵ ਵਾਤਾਵਰਣ ਦਿਵਸ ‘ਤੇ ਇਕ ਆਨ ਫ਼ਿਲਮ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਆਨ ਲਾਇਨ ਫ਼ਿਲਮ ਮੇਲੇ ਵਿਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਡਾ. ਐਸ.ਐਸ ਮਰਵਾਹਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।

ਇਸ ਮੌਕੇ ਉਨ੍ਹਾਂ ਕਿਹਾ ਕਿ ਜਦੋਂ ਪੂਰੀ ਦੁਨੀਆਂ ਵਿਸ਼ਵ ਮਹਾਂਮਾਰੀ ਕੋਵਿਡ-19 ਨਾਲ ਜੂਝ ਰਹੀ ਹੈ, ਉਸ ਸਮੇਂ ਇਹ ਬਹੁਤ ਜ਼ਰੂਰੀ ਹੈ ਕਿ ਵਾਤਾਵਰਣ ਸੁੰਤਲਨ ਦੀ ਸੁਰਜੀਤ ਕਰਨ ਲਈ ਕੁਦਰਤ ਦੀ ਸਾਂਭ-ਸੰਭਾਲ ਕੀਤਾ ਜਾਵੇ। ਨਦੀਆਂ ਦੇ ਪਾਣੀਆਂ ਦੀ ਗੁਣਵੰਤਾਂ ਵਿਚ ਸੁਧਾਰ ਲਿਆਉਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਕੱਲੀ ਸਨਅਤ ਹੀ ਪਾਣੀ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਨਹੀਂ ਸਗੋਂ ਘਰੇਲੂ ਕੂੜਾ-ਕਰਕਟ (ਵੇਸਟਜ਼) ਪਾਣੀ ਦੇ ਪ੍ਰਦੂਸ਼ਣ ਲਈ ਸਭ ਤੋਂ ਵੱਧ ਜ਼ਿੰਮੇਵਾਰ ਹੈ।

 

ਇਸ ਮੌਕੇ ਉਨ੍ਹਾਂ ਵਲੋਂ “ਏ ਸੈਕਿੰਡ ਹੈਂਡ ਲਾਇਫ਼” ਨਾਮ ਦੀ ਇਕ ਫ਼ਿਲਮ ਦੀ ਸ਼ੁਰੂਅਤ ਕੀਤੀ ਗਈ। ਇਹ ਫ਼ਿਲਮ ਉਹਨਾਂ ਬੱਚਿਆਂ ਦੀ ਦਰਦਨਾਕ ਕਹਾਣੀ ਬਿਆਨ ਕਰਦੀ ਹੈ, ਜਿਹੜੇ ਈ-ਵੇਸਟ ਭਾਵ ਈ-ਕੂੜਾ ਕਰਕਟ ਇਕੱਠੇ ਕਰਨ ਵਿਚ ਲੱਗੇ ਹੋਏ ਹਨ। ਇਹਨਾਂ ਬੱਚਿਆਂ ਨੇ ਨਾ ਸਿਰਫ਼ ਆਪਣਾ ਬਚਪਨ ਹੀ ਗੁਆਇਆ ਹੈ ਸਗੋਂ ਖਤਰਨਾਕ ਬਿਮਾਰੀਆਂ ਦੇ ਸਕੰਟ ਵਿਚ ਵੀ ਘਿਰੇ ਹੋਏ ਹਨ। ਇਸ ਮੌਕੇ ਇਸ ਫ਼ਿਲਮ ਨੂੰ ਬਣਾਉਣ ਵਾਲੇ ਪਿਊਸ਼ ਸ਼ਰਮਾ ਨੇ ਬੱਚਿਆਂ ਨੂੰ ਇਸ ਫ਼ਿਲਮ ਦੀਆਂ ਵੱਖ ਵੱਖ ਘਟਨਾਵਾਂ ਤੋਂ ਬਹੁਤ ਸੁਚੱਜੇ ਢੰਗ ਨਾਲ ਜਾਣੂ ਕਰਵਾਇਆ। ਸੈਸ਼ਨ ਦਾ ਸੰਚਾਲਨ ਵਾਤਾਵਰਣ ਸੰਚਾਰ ਕੇਂਦਰ ਦੀ ਸੰਚਾਲਕ ਅਲਕਾ ਤੋਮਰ ਵਲੋਂ ਕੀਤਾ ਗਿਆ।

ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੇਰਥ ਨੇ ਕਿਹਾ ਕਿ ਜੰਗਲਾਂ ਦੀ ਕਟਾਈ, ਜੰਗਲੀ ਜੀਵਾਂ ਦੇ ਟਿਕਾਣਿਆਂ ਤੇ ਕਬਜ਼ਿਆਂ, ਖੇਤੀਬਾੜੀ ਦੀ ਤੀਬਰਤਾ ਸਮੇਤ ਮਨੁੱਖੀ ਵਰਤਾਰਿਆਂ ਅਤੇ ਜਲਵਾਯੂ ਪਰਿਵਰਤਨ ਦੇ ਕਾਰਨ ਕੁਦਰਤ ਆਪੇ ਚੋਂ ਬਾਹਰ ਹੋ ਚੁੱਕੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਵਾਤਾਵਰਣ ਸੁੰਤਲਨ ਬਣਾਈ ਰੱਖਣ ਲਈ ਜੈਵਿਕ ਵਿਭਿੰਨਤਾ ਦਾ ਰੱਖ ਰਖਾਵ ਬਹੁਤ ਜ਼ਰੂਰੀ ਹੈ। ਜੈਵਿਕ ਵਿਭਿੰਨਤਾ ਤੋਂ ਬਿਨ੍ਹਾਂ ਵਾਤਾਵਰਣ ਸੰਤੁਲਨ ਦੀ ਬਹਾਲੀ ਅਸੰਭਵ ਹੈ। ਉਨ੍ਹਾਂ ਕਿਹਾ ਕਿ ਜੈਵਿਕ ਵਿਭਿੰਨਤਾ ਦੀਆਂ ਬਹੁਤ ਸਾਰੀਆਂ ਪ੍ਰਜਾਤੀਆਂ ਖਤਰੇ ਦੀ ਕਗਾਰ ਤੇ ਹਨ ਅਤੇ ਬਹੁਤ ਸਾਰੀਆਂ ਪ੍ਰਜਾਤੀਆਂ ਰੱਖ-ਰਖਾਵ ਪੱਖੋਂ ਅਜੇ ਵੀ ਕਮਜ਼ੋਰ ਹਨ। ਉਨ੍ਹਾ ਕਿਹਾ ਕਿ ਜੈਵਿਕ ਵਿਭਿੰਨਤਾ ਦਾ ਨੁਕਸਾਨ ਵਾਤਾਵਰਣ ਸੰਤੁਲਨ ਨੂੰ ਸੁਰਜੀਤ ਕਰਨ ਦੇ ਟੀਚੇ ਲਈ ਬਹੁਤ ਵੱਡਾ ਖਤਰਾ ਹੈ। ਜੇਕਰ ਅਜਿਹਾ ਵਰਤਾਰਾ ਜਾਰੀ ਰਿਹਾ ਤਾਂ ਮਨੁੱਖਤਾ ਨੂੰ ਭੋਜਨ ਅਤੇ ਸਿਹਤ ਪ੍ਰਣਾਲੀ ਸਬੰਧੀ ਅਨੇਕਾਂ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਵੇਂ ਸਾਡੀ ਜ਼ਿੰਦਗੀ ਵਿਚ ਇਲੈਕਟ੍ਰਾਨਿਕ ਵਸਤੂਆਂ ਦੀ ਵਰਤੋਂ ਵਿਚ ਬੇਤਹਾਸ਼ਾਂ ਵਾਧਾ ਹੋਇਆ ਹੈ ਪਰ ਈ-ਵੇਸਟ ਮੈਨੇਜਮੈਂਟ ਇਕ ਅਜਿਹਾ ਖੇਤਰ ਹੈ, ਜਿਸਨੂੰ ਅਸੀਂ ਅਜੇ ਵੀ ਗੰਭੀਰਤਾ ਨਾਲ ਨਹੀਂ ਲਿਆ। ਅਸੀਂ ਇਲੈਕਟ੍ਰਨਿਕ ਵਸਤੂਆਂ ਦੀ ਰਹਿੰਦ-ਖਹੂੰਦ ਦੇ ਖਤਰਿਆਂ ਤੋਂ ਜਾਣੂ ਨਹੀਂ ਹਾਂ।

ਇਸ ਮੌਕੇ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਵਾਤਾਵਰਣ ਸੰਤੁਲਨ ਦੀ ਬਹਾਲੀ ਗਲੋਬਲ ਵਾਰਮਿੰਗ ਅਤੇ ਜਲਵਾਯੂ ਪਰਿਵਤਨ ਨੂੰ ਘਟਾਉਣ ਵਿਚ ਅਹਿਮ ਰੋਲ ਅਦਾ ਕਰ ਸਕਦੀ ਹੈ। ਇਸ ਮੌਕੇ ਉਨ੍ਹਾਂ ਹਾਜ਼ਰ ਵਿਦਿਆਰਥੀਆਂ ਨੂੰ ਪਾਣੀ ਦੀ ਬੱਚਤ, ਮੁੜ ਨਵਿਆਉਣਯੋਗ ਊਰਜਾ ਦੀ ਵਰਤੋਂ, ਪਲਾਸਟਿਕ ਦੀ ਵਰਤੋਂ ਘਟਾਉਣ ਅਤੇ ਵਾਤਾਵਰਣ ਸਤੁੰਲਨ ਦੀ ਸੁਰਜੀਤੀ ਲਈ ਵਿਅਕਤੀਗਤ ਪੱਧਰ ਤੇ ਵੱਧ ਤੋਂ ਵੱਧ ਯਤਨ ਕਰਨ ਦੀ ਅਪੀਲ ਕੀਤੀ।

Share This Article
Leave a Comment