ਕਿਸਾਨ ਜਥੇਬੰਦੀਆਂ ਦੀ ਏਕੇ ਉੱਤੇ ਬਣੇਗੀ ਸਹਿਮਤੀ!

Global Team
3 Min Read

ਜਗਤਾਰ ਸਿੰਘ ਸਿੱਧੂ;

ਆਖਿਰ ਕਿਸਾਨ ਜਥੇਬੰਦੀਆਂ ਕਿਸਾਨੀ ਹਿੱਤਾਂ ਲਈ ਸਾਂਝੇ ਸੱਦੇ ਦੇਣ ਬਾਰੇ ਸਹਿਮਤ ਹੋ ਹੀ ਗਈਆਂ ਹਨ । ਬੇਸ਼ੱਕ ਬਕਾਇਦਾ ਐਲਾਨ ਅਜੇ ਕੁਝ ਦਿਨਾਂ ਵਿੱਚ ਕੀਤਾ ਜਾਵੇਗਾ। ਜੇਕਰ ਕਿਸਾਨੀ ਅੰਦੋਲਨ ਨੂੰ ਵੇਖਿਆ ਜਾਵੇ ਤਾਂ ਦਿੱਲੀ ਤੋਂ ਪਰਤਣ ਬਾਅਦ ਕਿਸਾਨਾਂ ਲਈ ਇਹ ਰਾਹਤ ਵਾਲੀ ਜਾਣਕਾਰੀ ਹੈ ਕਿ ਉਨਾਂ ਦੀਆਂ ਮੰਗਾਂ ਲਈ ਲੜ ਰਹੀਆਂ ਜਥੇਬੰਦੀਆਂ ਸਿਰ ਜੋੜ ਕੇ ਐਕਸ਼ਨ ਕਰਨ ਬਾਰੇ ਠੋਸ ਫ਼ੈਸਲਾ ਲੈਣ ਲੱਗੀਆਂ ਹਨ।

ਉਪਰੋਕਤ ਐਲਾਨ ਅੱਜ ਚੰਡੀਗੜ੍ਹ ਵਿਖੇ ਕਿਸਾਨ ਭਵਨ ਵਿੱਚ ਮੀਟਿੰਗ ਕਰਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਕੀਤਾ ਗਿਆ ਹੈ। ਮੀਟਿੰਗ ਦਾ ਸੱਦਾ ਏਕੇ ਦੇ ਮੁੱਦੇ ਉੱਪਰ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਦਿੱਤਾ ਗਿਆ ਸੀ। ਮੀਟਿੰਗ ਲਈ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਦੇ ਆਗੂਆਂ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਸੱਦਾ ਦਿੱਤਾ ਗਿਆ ਸੀ! ਇਹ ਦੋਵੇਂ ਜਥੇਬੰਦੀਆਂ ਸ਼ੰਭੂ ਅਤੇ ਖਨੌਰੀ ਬਾਰਡਰ ਉੱਤੇ ਪਿਛਲੇ ਇਕ ਸਾਲ ਤੋਂ ਚੱਲ ਰਹੇ ਕਿਸਾਨੀ ਅੰਦੋਲਨ ਦੀ ਅਗਵਾਈ ਕਰ ਰਹੇ ਹਨ। ਸ਼ੰਭੂ ਬਾਰਡਰ ਉੱਤੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਖਨੌਰੀ ਬਾਰਡਰ ਉੱਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਗਵਾਈ ਕਰ ਰਹੇ ਹਨ। ਅਜ ਦੀ ਮੀਟਿੰਗ ਵਿੱਚ ਸ਼ੰਭੂ ਬਾਰਡਰ ਤੋਂ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਅਤੇ ਉਨਾਂ ਦੀ ਟੀਮ ਚੰਡੀਗੜ੍ਹ ਮੀਟਿੰਗ ਵਿੱਚ ਸ਼ਾਮਲ ਹੋਈ ਸੀ। ਖਨੌਰੀ ਬਾਰਡਰ ਦੇ ਆਗੂ ਇਸ ਮੀਟਿੰਗ ਵਿੱਚ ਨਹੀਂ ਆਏ ਜਿਸ ਕਰਕੇ ਮੀਟਿੰਗ ਵਿੱਚ ਅੰਤਿਮ ਫ਼ੈਸਲਾ ਨਹੀਂ ਲਿਆ ਗਿਆ। ਖਨੌਰੀ ਦੇ ਆਗੂਆਂ ਨੇ ਬਕਾਇਦਾ ਪੱਤਰ ਲਿਖ ਕੇ ਮੀਟਿੰਗ ਦੇ ਸਾਥੀਆਂ ਨੂੰ ਜਾਣਕਾਰੀ ਦਿੱਤੀ ਸੀ ਕਿ ਅੱਜ ਖਨੌਰੀ ਮਹਾਪੰਚਾਇਤ ਕਿਸਾਨਾਂ ਦੀ ਹੋਣ ਕਾਰਨ ਮੀਟਿੰਗ ਵਿੱਚ ਸ਼ਾਮਲ ਹੋਣਾ ਸੰਭਵ ਨਹੀਂ ਹੈ ਪਰ ਕਿਸੇ ਵੀ ਅਗਲੀ ਮੀਟਿੰਗ ਵਿੱਚ ਸ਼ਾਮਲ ਹੋਣਗੇ। ਇਸ ਤਰਾਂ ਅੱਜ ਦੀ ਮੀਟਿੰਗ ਸੰਯੁਕਤ ਕਿਸਾਨ ਮੋਰਚਾ ਵੱਲੋਂ ਜੋਗਿੰਦਰ ਸਿੰਘ ਉਗਰਾਹਾਂ, ਬਲਬੀਰ ਸਿੰਘ ਰਾਜੇਵਾਲ,ਹਰਿੰਦਰ ਸਿੰਘ ਲੱਖੋਵਾਲ, ਰਾਮਿੰਦਰ ਸਿੰਘ ਪਟਿਆਲਾ ਅਤੇ ਹੋਰ ਕਿਸਾਨ ਆਗੂ ਸ਼ਾਮਲ ਹੋਏ। ਕਈ ਘੰਟੇ ਵਿਚਾਰ ਕਰਨ ਬਾਅਦ ਪੰਧੇਰ ਅਤੇ ਦੂਜੇ ਆਗੂਆਂ ਨੇ ਸਾਂਝੇ ਤੌਰ ਤੇ ਸੰਬੋਧਨ ਕੀਤਾ। ਬੇਸ਼ਕ ਸਾਂਝਾ ਸੰਘਰਸ਼ ਲਈ ਸਹਿਮਤੀ ਬਣ ਗਈ ਹੈ ਪਰ ਖਨੌਰੀ ਦੇ ਆਗੂਆਂ ਨਾਲ ਗੱਲਬਾਤ ਕਰਕੇ ਕੋਈ ਅੰਤਿਮ ਫ਼ੈਸਲਾ ਲਿਆ ਜਾਵੇਗਾ।

ਇਸੇ ਦੌਰਾਨ ਅੱਜ ਖਨੌਰੀ ਬਾਰਡਰ ਉੱਤੇ ਕਿਸਾਨ ਮਹਾ ਪੰਚਾਇਤ ਨੂੰ ਭਰਵਾਂ ਹੁੰਗਾਰਾ ਮਿਲਿਆ। ਮਰਨ ਵਰਤ ਤੇ ਬੈਠੇ ਕਿਸਾਨ ਆਗੂ ਡੱਲੇਵਾਲ ਨੇ ਕਿਹਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਮਨਵਾਉਣ ਲਈ ਕਿਸਾਨ ਜਥੇਬੰਦੀਆਂ ਦਾ ਏਕਾ ਜ਼ਰੂਰੀ ਹੈ। ਭਲਕੇ ਸ਼ੰਭੂ ਬਾਰਡਰ ਉੱਤੇ ਕਿਸਾਨਾਂ ਦਾ ਵੱਡਾ ਇਕੱਠ ਹੋ ਰਿਹਾ ਹੈ। ਇਕ ਦਿਨ ਬਾਅਦ 14 ਫਰਵਰੀ ਨੂੰ ਚੰਡੀਗੜ੍ਹ ਕਿਸਾਨ ਆਗੂਆਂ ਦੀ ਕੇਂਦਰ ਨਾਲ ਮੀਟਿੰਗ ਹੈ। ਪੰਦਰਾਂ ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਚੰਡੀਗੜ੍ਹ ਮੀਟਿੰਗ ਹੋ ਰਹੀ ਹੈ।

ਸੰਪਰਕ 9814002186

Share This Article
Leave a Comment