ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਅੱਜ ਦੂਜਾ ਦਿਨ ਹੈ। ਪ੍ਰਸ਼ਨ ਕਾਲ ਦੌਰਾਨ ਇੱਕ ਸਵਾਲ ਦੇ ਜਵਾਬ ਵਿੱਚ ਟਰਾਂਸਪੋਰਟ ਮੰਤਰੀ ਭੁੱਲਰ ਨੇ ਕਿਹਾ ਕਿ ਬਾਦਲ ਕੀ ਔਰਬਿਟ ਦੇ ਨਾਂ ਹੇਠ ਫਾਜ਼ਿਲਕਾ ਤੋਂ ਚੰਡੀਗੜ੍ਹ ਦਰਮਿਆਨ ਚੱਲਣ ਵਾਲੀਆਂ ਪ੍ਰਾਈਵੇਟ ਬੱਸਾਂ ਦਾ ਮਾਮਲਾ ਹਾਈ ਕੋਰਟ ਵਿੱਚ ਵਿਚਾਰ ਅਧੀਨ ਹੈ। ਇਸ ‘ਤੇ ਸਰਕਾਰ ਪ੍ਰਾਈਵੇਟ ਬੱਸਾਂ ਦੇ ਚਲਾਨ ਵਿਰੁੱਧ ਕੇਸ ਲੜ ਰਹੀ ਹੈ। ਜਲਦੀ ਹੀ ਫਾਜ਼ਿਲਕਾ ਅਤੇ ਚੰਡੀਗੜ੍ਹ ਦਰਮਿਆਨ ਸਰਕਾਰੀ ਵੋਲਵੋ ਬੱਸ ਚੱਲੇਗੀ।
ਪੰਜਾਬ ਵਿੱਚ ਸੜਕਾਂ ਕਿਨਾਰੇ ਉੱਗੇ ਸੁੱਕੇ ਦਰੱਖਤਾਂ ਕਾਰਨ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ। ਪਿਛਲੇ ਦੋ ਸਾਲਾਂ ਵਿੱਚ 37,571 ਸੁੱਕੇ ਦਰੱਖਤ ਕੱਟੇ ਗਏ। ਪੰਜਾਬ ਸਰਕਾਰ ਵੱਲੋਂ ਸੁੱਕੇ ਅਤੇ ਮਰੇ ਦਰੱਖਤਾਂ ਨੂੰ ਹਟਾਉਣ ਲਈ ਅਪ੍ਰੈਲ ਮਹੀਨੇ ਵਿੱਚ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਵਿਧਾਇਕਾਂ ਨੇ ਮੁੱਦਾ ਉਠਾਇਆ ਸੀ ਕਿ ਦਰੱਖਤ ਡਿੱਗਣ ਕਾਰਨ ਕਈ ਹਾਦਸੇ ਵਾਪਰ ਰਹੇ ਹਨ। ਪੰਜਾਬ ਸਰਕਾਰ ਵੱਲੋਂ ਰਾਸ਼ਨ ਕਾਰਡ ਲਾਭਪਾਤਰੀਆਂ ਦੀ ਜਾਂਚ ਕੀਤੀ ਜਾਵੇਗੀ, ਤਾਂ ਜੋ ਪਤਾ ਲੱਗ ਸਕੇ ਕਿ ਰਾਸ਼ਨ ਕਾਰਡ ਸਹੀ ਲੋਕਾਂ ਦੇ ਬਣੇ ਹਨ ਜਾਂ ਨਹੀਂ। ਵਿਧਾਇਕਾਂ ਵੱਲੋਂ ਇਹ ਮੁੱਦਾ ਉਠਾਇਆ ਗਿਆ ਕਿ ਅਸਲ ਲਾਭਪਾਤਰੀਆਂ ਨੂੰ ਇਹ ਲਾਭ ਨਹੀਂ ਮਿਲ ਰਹੇ, ਜਦੋਂਕਿ ਜੋ ਲਾਭਪਾਤਰੀ ਨਹੀਂ ਹਨ, ਉਹ ਲਾਭ ਲੈ ਰਹੇ ਹਨ।
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਇਕ ਸੁਖਪਾਲ ਸਿੰਘ ਖਹਿਰਾ ‘ਤੇ ਸਿਫ਼ਰ ਕਾਲ ਦੌਰਾਨ ਬੋਲਣ ਦਾ ਮੌਕਾ ਨਾ ਦਿੱਤੇ ਜਾਣ ਦਾ ਦੋਸ਼ ਲਾਇਆ ਹੈ। ਇਸ ਤੋਂ ਬਾਅਦ ਕਾਂਗਰਸ ਸਦਨ ਤੋਂ ਵਾਕਆਊਟ ਕਰ ਗਈ।ਦੂਜੇ ਪਾਸੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਸੰਦੀਪ ਜਾਖੜ ਨੇ ਵਾਕਆਊਟ ਨਹੀਂ ਕੀਤਾ ਤੇ ਉਹ ਸਦਨ ਵਿਚ ਬੈਠੇ ਰਹੇ।
ਦਰਅਸਲ ਸਪੀਕਰ ਨੇ ਸੰਦੀਪ ਜਾਖੜ ਨੂੰ ਬੋਲਣ ਦਾ ਸਮਾਂ ਦਿੱਤਾ ਸੀ ਪਰ ਇਸ ਦੌਰਾਨ ਸੁਖਪਾਲ ਸਿੰਘ ਖਹਿਰਾ ਬੋਲਣ ਲੱਗ ਪਏ। ਸਪੀਕਰ ਨੇ ਸੁਖਪਾਲ ਸਿੰਘ ਖਹਿਰਾ ਨੂੰ ਝਾੜ ਪਾਉਂਦੇ ਹੋਏ ਕਿਹਾ ਕਿ ਇਕੱਲੇ ਤੁਹਾਨੂੰ ਹੀ ਰੱਖਣੀ ਆਉਂਦੀ ਗੱਲ, ਸੰਦੀਪ ਜਾਖੜ ਨਹੀਂ ਗੱਲ ਰੱਖ ਸਕਦੇ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।