-ਅਵਤਾਰ ਸਿੰਘ
ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਦੀ ਚੋਣ ਸੰਬੰਧੀ ਸੁਰਖੀਆਂ ਸੋਸ਼ਲ ਮੀਡੀਆ, ਅਖਬਾਰਾਂ ਅਤੇ ਟੀ ਵੀ ਸਕਰੀਨ ਉਪਰ ਖੂਬ ਚਮਕ ਰਹੀਆਂ ਹਨ। ਪਿਛਲੇ ਕੁਝ ਸਮੇਂ ਤੋਂ ਕਾਂਗਰਸ ਦੀ ਵੱਡੀ ਤੋਂ ਵੱਡੀ ਖ਼ਬਰ ਵੀ ਗਾਇਬ ਹੋ ਜਾਂਦੀ ਸੀ। ਇਹ ਰਾਜਸੀ ਮੰਥਨ ਹੈ। ਇਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਪਰ ਸ਼ਰੀਕ (ਵਿਰੋਧੀ ਪਾਰਟੀ) ਦੇ ਸੀਨੇ ਠੰਢ ਪੈ ਗਈ ਲਗਦੀ ਹੈ। ਜਦ ਪਰਿਵਾਰ ਵਿਚ ਝਗੜਾ ਪੈਦਾ ਹੁੰਦਾ ਤਾਂ ਵਿਰੋਧੀ ਉਸ ਦਾ ਲਾਭ ਵੀ ਉਠਾਉਂਦੇ ਤੇ ਤਾੜੀਆਂ ਵਜਾ ਕੇ ਝਗੜਾ ਹੋਰ ਵਧਾਉਣ ਵਿੱਚ ਵੀ ਮਦਦ ਕਰਦੇ ਹਨ। ਪਰ ਇਹ ਮਸਲਾ ਜਲਦੀ ਹੱਲ ਹੋਣ ਦੀ ਆਸ ਹੈ।
ਕਾਂਗਰਸ ਦੇ 23 ਸੀਨੀਅਰ ਆਗੂਆਂ ਦੇ ਪਾਰਟੀ ਸੰਗਠਨ ਵਿੱਚ ਤਬਦੀਲੀ ਦੀ ਮੰਗ ਨੂੰ ਲੈ ਕੇ ਲਿਖੇ ਪੱਤਰ ਦੇ ਲੀਕ ਹੋਣ ਤੋਂ ਬਾਅਦ ਕਾਂਗਰਸ ਵਿੱਚ ਜੋ ਹਲਚਲ ਦੇਖਣ ਨੂੰ ਮਿਲ ਰਹੀ, ਉਹ ਬੇਸ਼ਕ ਆਮ ਜਾਂ ਰਣਨੀਤੀ ਦਾ ਹਿੱਸਾ ਹੈ ਪਰ ਇਸ ਨਾਲ ਪਾਰਟੀ ਦਾ ਭਲਾ ਹੀ ਹੋਣ ਵਾਲਾ ਲਗਦਾ ਹੈ। ਸਾਲ 2018 ਵਿੱਚ ਤਿੰਨ ਰਾਜਾਂ ਵਿੱਚ ਸ਼ਾਨਦਾਰ ਜਿੱਤ ਦੇ ਬਾਵਜੂਦ ਪਾਰਟੀ ਦੀ ਇੰਨੀ ਚਰਚਾ ਕੌਮੀ ਪੱਧਰ ‘ਤੇ ਨਹੀਂ ਹੋ ਰਹੀ ਸੀ ਜਿੰਨੀ ਇਸ ਵਿਵਾਦ ਤੋਂ ਬਾਅਦ ਹੋਈ। ਪਿਛਲੇ ਕੁਝ ਦਿਨਾਂ ਵਿੱਚ ਪਾਰਟੀ ਵਿੱਚ ਏਕਤਾ ਅਤੇ ਸੋਨੀਆ ਗਾਂਧੀ ਦੀ ਸਥਾਈ ਅਗਵਾਈ ਸੰਭਾਲਣ ਨੂੰ ਲੈ ਕੇ ਜੋ ਮੁਹਿੰਮ ਜਾਰੀ ਰਹੀ ਉਹ ਕਿਸੇ ਤੋਂ ਛੁਪੀ ਹੋਈ ਨਹੀਂ।
ਸੋਮਵਾਰ ਨੂੰ ਹੋਈ ਕਾਂਗਰਸ ਵਰਕਿੰਗ ਕਮੇਟੀ ਦੀ ਮੈਰਾਥਨ ਮੀਟਿੰਗ ਵਿੱਚ ਸੋਨੀਆ ਗਾਂਧੀ ਦੇ ਅੰਤਰਿਮ ਪ੍ਰਧਾਨ ਦਾ ਅਹੁਦਾ ਸੰਭਾਲਣ ਅਤੇ ਅਗਲੇ ਛੇ ਮਹੀਨਿਆਂ ਵਿੱਚ ਨਵੇਂ ਪ੍ਰਧਾਨ ਦੀ ਚੋਣ ਲਈ ਏ ਆਈ ਸੀ ਸੀ ਦੀ ਮੀਟਿੰਗ ਬੁਲਾਉਣ ਦਾ ਨਿਰਣਾ ਲਿਆ ਗਿਆ। ਸੋਮਵਾਰ ਨੂੰ ਕਾਂਗਰਸ ਦੀ ਵਰਕਿੰਗ ਕਮੇਟੀ ਵਿੱਚ ਵਿਰੋਧ ਕਰਨ ਵਾਲੇ ਆਗੂਆਂ ਦੀ ਭਾਜਪਾ ਨਾਲ ਗੰਢ-ਤੁਪ ਉਪਰ ਰਾਹੁਲ ਗਾਂਧੀ ਦੇ ਕਥਿਤ ਬਿਆਨ ਅਤੇ ਉਸ ਉਪਰ ਸੀਨੀਅਰ ਨੇਤਾਵਾਂ ਦੀ ਪ੍ਰਤੀਕਿਰਿਆ ਨੂੰ ਸ਼ਾਮ ਤਕ ਮੀਡੀਆ ਦੀ ਉਪਜ ਕਰਾਰ ਦੇ ਦਿੱਤਾ ਗਿਆ।
ਫੇਰ ਇਨ੍ਹਾਂ ਆਗੂਆਂ ਦੇ ਵੀ ਪਾਰਟੀ ਦੀ ਅਗਵਾਈ ਦੇ ਹੱਕ ਬਿਆਨ ਸਾਹਮਣੇ ਆਉਣ ਲੱਗ ਪਏ। ਵਿਰੋਧ ਕਰਨ ਵਾਲੇ ਆਗੂਆਂ ਨੇ ਆਪਣੇ ਟਵੀਟ ਵਾਪਸ ਲੈ ਲਏ। ਦਰਅਸਲ ਕਾਂਗਰਸ ਕਮੇਟੀ ਦੀ ਸੋਮਵਾਰ ਨੂੰ ਹੋਈ ਮੀਟਿੰਗ ਦੇ 23 ਦਿੱਗਜ਼ ਨੇਤਾਵਾਂ ਵੱਲੋਂ ਸੋਨੀਆ ਗਾਂਧੀ ਨੂੰ ਲਿਖੇ ਪੱਤਰ ਦੇ ਲੀਕ ਹੋਣ ਤੋਂ ਬਾਅਦ ਹਾਲਾਤ ਵਿਚਾਰ ਚਰਚਾ ਕਰਨ ਵਾਲੇ ਬਣ ਗਏ ਸਨ। ਇਸ ਪੱਤਰ ਉੱਤੇ ਗੁਲਾਮ ਨਬੀ ਆਜ਼ਾਦ, ਭੁਪਿੰਦਰ ਸਿੰਘ ਹੁੱਡਾ, ਸ਼ਸ਼ੀ ਥਰੂਰ, ਕਪਿਲ ਸਿੱਬਲ, ਪ੍ਰਿਥਵੀਰਾਜ ਚਵਾਨ, ਆਨੰਦ ਸ਼ਰਮਾ ਆਦਿ ਸਿਰਕੱਢ ਆਗੂਆਂ ਦੇ ਦਸਤਖਤ ਦੱਸੇ ਜਾਂਦੇ ਹਨ, ਜੋ ਪਾਰਟੀ ਦੇ ਅਹਿਮ ਅਹੁਦਿਆਂ ਦਾ ਅਨੰਦ ਮਾਣਦੇ ਰਹੇ।
ਗਾਂਧੀ ਪਰਿਵਾਰ ਪ੍ਰਤੀ ਨਿਸ਼ਠਾਵਾਨ ਰਹੇ ਇਨ੍ਹਾਂ ਨੇਤਾਵਾਂ ਦੇ ਪੱਤਰ ਨੂੰ ਲੈ ਕੇ ਕਿਆਸ ਲਗਾਏ ਜਾਂਦੇ ਰਹੇ ਹਨ ਕਿ ਕੀ ਸੱਚਮੁੱਚ ਇਹ ਪਾਰਟੀ ਦੀ ਸਾਖ ਵਿੱਚ ਆ ਰਹੀ ਗਿਰਾਵਟ ਨੂੰ ਦੇਖਦੇ ਹੋਏ ਤਬਦੀਲੀ ਵਾਸਤੇ ਲਿਖਿਆ ਗਿਆ ਜਾਂ ਅਗਵਾਈ ਦੇ ਬਦਲਾਅ ਲਈ ਜਾਂ ਗਾਂਧੀ ਪਰਿਵਾਰ ਲਈ ਅਨੁਕੂਲ ਵਾਤਾਵਰਨ ਤਿਆਰ ਕਰਨ ਲਈ ਲਿਖਿਆ ਗਿਆ। ਮੌਜੂਦਾ ਵਿਵਾਦ ਨੇ ਕਈ ਸਵਾਲਾਂ ਨੂੰ ਜਨਮ ਦਿੱਤਾ ਹੈ। ਕੀ ਵਾਕਈ ਪਾਰਟੀ ਅੰਦਰ ਅਗਵਾਈ ਦੇ ਮੁੱਦੇ ਉਪਰ ਮਤਭੇਦ ਹਨ? ਕਾਂਗਰਸ ਦੇ ਦਿਗਜ਼ ਨੇਤਾਵਾਂ ਦੀ ਸੋਚ ਹੈ ਕਿ ਪਾਰਟੀ ਦੀ ਏਕਤਾ ਗਾਂਧੀ ਪਰਿਵਾਰ ਦੇ ਹੱਥਾਂ ਵਿੱਚ ਹੀ ਸੰਭਵ ਹੈ। ਇਸ ਦੇ ਬਾਵਜੂਦ ਪਾਰਟੀ ਵਿੱਚ ਅਨੁਭਵੀ ਤੇ ਵੱਡੇ ਕੱਦ ਦੇ ਨੇਤਾਵਾਂ ਦੀ ਘਾਟ ਹੈ। ਰਾਜਨੀਤਕ ਮਾਹਿਰਾਂ ਦਾ ਕਹਿਣਾ ਹੈ ਕਿ ਪਾਰਟੀ ਮੁਸ਼ਕਲ ਵਾਲੇ ਦੌਰ ਵਿਚੋਂ ਗੁਜਰ ਰਹੀ ਹੋਵੇ ਤਾਂ ਪਾਰਟੀ ਵਿੱਚ ਅੰਤਰਵਿਰੋਧ ਵਾਲੀਆਂ ਸੁਰਾਂ ਸੁਭਾਵਿਕ ਹੁੰਦੀਆਂ ਹਨ। ਇਸ ਸਾਰੇ ਘਟਨਾਕ੍ਰਮ ਦਾ ਸਾਰ ਤੱਤ ਹੈ ਕਿ ਚੜ੍ਹਦੇ ਸੂਰਜ ਹੀ ਸਭ ਸਲਾਮ ਕਰਦੇ ਹਨ।