ਹਿਸਾਰ: ਹਿਸਾਰ ‘ਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਵਿਧਾਨ ਸਭਾ ਚੋਣਾਂ ‘ਚ ਪਾਰਟੀ ਦੇ ਉਮੀਦਵਾਰ ਰਹੇ ਰਾਮਨਿਵਾਸ ਰਾੜਾ ਭਾਜਪਾ ‘ਚ ਸ਼ਾਮਿਲ ਹੋ ਗਏ ਹਨ। ਹਿਸਾਰ ਨਗਰ ਨਿਗਮ ਦੇ ਸਾਬਕਾ ਚੇਅਰਮੈਨ ਬਿਹਾਰੀਲਾਲ ਰਾੜਾ, ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰੋਹਿਤ ਅਤੇ ਹਿਸਾਰ ਲੋਕ ਸਭਾ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਭੂਪੇਂਦਰ ਸਨੇਤ ਅਤੇ ਇੱਕ ਦਰਜਨ ਹੋਰ ਆਗੂਆਂ ਨੇ ਵੀ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਲਈ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਉਨ੍ਹਾਂ ਦਾ ਪਾਰਟੀ ਵਿਚ ਸਵਾਗਤ ਕੀਤਾ। ਰਾਮਨਿਵਾਸ ਰਾੜਾ ਕਾਂਗਰਸ ਪਾਰਟੀ ਤੋਂ ਮੇਅਰ ਦੀ ਟਿਕਟ ਮੰਗ ਰਹੇ ਸਨ। ਜਦੋਂ ਉਨ੍ਹਾਂ ਨੂੰ ਟਿਕਟ ਨਾ ਮਿਲਿਆ ਤਾਂ ਉਨ੍ਹਾਂ ਨੇ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਦਾਖ਼ਲ ਕੀਤੀ। ਅੱਜ ਉਹ ਅਪਣੀ ਨਾਮਜ਼ਦਗੀ ਵਾਪਿਸ ਲੈ ਕੇ ਭਾਜਪਾ ਉਮੀਦਵਾਰ ਪ੍ਰਵੀਨ ਪੋਪਲੀ ਦਾ ਸਮਰਥਨ ਕਰਨਗੇ। ਇਕ ਦਿਨ ਪਹਿਲਾਂ ਹੀ ਭੁਪਿੰਦਰ ਸਿੰਘ ਹੁੱਡਾ ਨੇ ਉਨ੍ਹਾਂ ਨੂੰ ਪਾਰਟੀ ਵਿਚੋਂ ਕੱਢਣ ਦੀ ਚੇਤਾਵਨੀ ਦਿਤੀ ਸੀ।
ਰਾਮਨਿਵਾਸ ਰਾੜਾ ਸਿਰਸਾ ਤੋਂ ਕਾਂਗਰਸੀ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਦੇ ਕਰੀਬੀ ਹਨ। ਟਿਕਟ ਨਾ ਮਿਲਣ ਤੋਂ ਨਾਰਾਜ਼ ਰਾੜਾ ਨੇ 16 ਫ਼ਰਵਰੀ ਨੂੰ ਹਿਸਾਰ ’ਚ ਅਪਣੇ ਸਮਰਥਕਾਂ ਦੀ ਮੀਟਿੰਗ ਬੁਲਾਈ ਸੀ। ਉਦੋਂ ਤੋਂ ਹੀ ਚਰਚਾ ਸੀ ਕਿ ਉਹ ਭਾਜਪਾ ’ਚ ਸ਼ਾਮਿਲ ਹੋ ਸਕਦੇ ਹਨ। ਇਕ ਦਿਨ ਪਹਿਲਾਂ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਹਿਸਾਰ ਆਏ ਸਨ, ਪਰ ਰਾੜਾ ਨੂੰ ਮਨਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ।
ਰਾਮਨਿਵਾਸ ਰਾੜਾ ਨੇ 2019 ਵਿੱਚ ਕਾਂਗਰਸ ਉਮੀਦਵਾਰ ਵਜੋਂ ਹਿਸਾਰ ਵਿਧਾਨ ਸਭਾ ਤੋਂ ਚੋਣ ਲੜੀ ਸੀ। ਇਸ ਤੋਂ ਬਾਅਦ 2024 ਵਿੱਚ ਵੀ ਕਾਂਗਰਸ ਨੇ ਉਨ੍ਹਾਂ ਨੂੰ ਆਪਣਾ ਉਮੀਦਵਾਰ ਬਣਾਇਆ ਸੀ। ਉਹ ਦੋਵੇਂ ਚੋਣਾਂ ਵਿੱਚ ਦੂਜੇ ਨੰਬਰ ’ਤੇ ਰਹੇ। ਸਾਲ 2024 ਵਿੱਚ ਉਨ੍ਹਾਂ ਨੇ 30 ਹਜ਼ਾਰ ਤੋਂ ਵੱਧ ਵੋਟਾਂ ਹਾਸਿਲ ਕੀਤੀਆਂ ਸਨ। ਰਾਮਨਿਵਾਸ ਰਾੜਾ 2014 ਵਿੱਚ ਹਰਿਆਣਾ ਜਨਹਿਤ ਕਾਂਗਰਸ ਪਾਰਟੀ ਵੱਲੋਂ ਬਰਵਾਲਾ ਵਿਧਾਨ ਸਭਾ ਤੋਂ ਚੋਣ ਵੀ ਲੜ ਚੁੱਕੇ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।