ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸ਼ਰਮਨਾਕ ਹਾਰ ਝੱਲਣ ਵਾਲੀ ਕਾਂਗਰਸ ਨੂੰ ਕਿ ਇੱਕ ਹੋਰ ਝਟਕਾ ਲੱਗਣ ਵਾਲਾ ਹੈ? ਇਹ ਸਵਾਲ ਪਾਰਟੀ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਨੂੰ ਲੈ ਕੇ ਉੱਠਿਆ ਹੈ। ਬਿੱਟੂ ਨੇ ਸੋਮਵਾਰ ਨੂੰ ਪੀਐਮ ਮੋਦੀ ਨਾਲ ਮੁਲਾਕਾਤ ਕੀਤੀ, ਉਦੋਂ ਤੋਂ ਹੀ ਅਟਕਲਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸ ਮੀਟਿੰਗ ਨੂੰ ਲੁਧਿਆਣੇ ਦੇ ਕਾਂਗਰਸੀ ਲੀਡਰਾਂ ਵੱਲੋਂ ਪੱਖ ਬਦਲਣ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ।
ਲੁਧਿਆਣਾ ਤੋਂ ਕਾਂਗਰਸੀ ਸਾਂਸਦ ਰਵਨੀਤ ਸਿੰਘ ਬਿੱਟੂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਸਿਰਫ ਪੰਜਾਬ ਦੇ ਮੁੱਦਿਆਂ ‘ਤੇ ਚਰਚਾ ਕਰਨ ਲਈ ਸੀ। ਉਨ੍ਹਾਂ ਦੇ ਕਰੀਬੀਆਂ ਨੇ ਵੀ ਬਿੱਟੂ ਦੇ ਭਾਜਪਾ ‘ਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਚਾਹੁੰਦੇ ਹਨ ਕਿ ਬਿੱਟੂ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਨਾਲ ਲੜਨ। ਦੱਸ ਦੇਈਏ ਕਿ ਸਾਲ 1995 ਵਿੱਚ ਆਪਣੇ ਦਾਦਾ ਅਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਤੋਂ ਬਾਅਦ ਬਿੱਟੂ ਨੂੰ ਪਾਰਟੀ ਵਿੱਚ ਹਿੰਦੂ ਚਿਹਰੇ ਵਜੋਂ ਪਛਾਣਿਆ ਜਾਂਦਾ ਹੈ।
ਸੀਨੀਅਰ ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦੀ ਇੱਕ ਫੋਟੋ ਟਵੀਟ ਕੀਤੀ ਹੈ, ਜਿਸ ਦੇ ਕੈਪਸ਼ਨ ਵਿੱਚ ਉਨ੍ਹਾਂ ਨੇ ਲਿਖਿਆ ਹੈ, ‘ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਨਰਿੰਦਰ ਮੋਦੀ ਜੀ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਦੇ ਮੁੱਦਿਆਂ ‘ਤੇ ਚਰਚਾ ਕੀਤੀ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਹੱਥੋਂ ਮਿਲੀ ਹਾਰ ਤੋਂ ਬਾਅਦ ਸੂਬਾ ਕਾਂਗਰਸ ਇਸ ਵੇਲੇ ‘ਸਾਇਲੈਂਟ ਮੋਡ’ ਵਿੱਚ ਹੈ। ਇਸ ਮੀਟਿੰਗ ਬਾਰੇ ਪਾਰਟੀ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ, ਹਾਲਾਂਕਿ ਪਾਰਟੀ ਆਗੂਆਂ ਦਾ ਮੰਨਣਾ ਹੈ ਕਿ ਇਸ ਮੀਟਿੰਗ ਬਾਰੇ ਬਹੁਤਾ ਸੋਚਣ ਦੀ ਲੋੜ ਨਹੀਂ ਹੈ।
Today met the Hon'ble Prime Minister of India, Sh. @narendramodi ji and discussed issues of Punjab pic.twitter.com/v4k847iX6Y
— Ravneet Singh Bittu (@RavneetBittu) April 4, 2022
ਪੰਜਾਬ ਵਿੱਚ ਕਾਂਗਰਸ ਪਾਰਟੀ ਪਿਛਲੇ ਮਹੀਨੇ ਚੋਣ ਨਤੀਜਿਆਂ ਦੇ ਐਲਾਨ ਤੋਂ ਬਾਅਦ ਸਦਮੇ ਵਿੱਚ ਹੈ। ਅਰਵਿੰਦ ਕੇਜਰੀਵਾਲ ਦੀ ‘ਆਪ’ ਨੇ ਪੰਜਾਬ ‘ਚ ਧਮਾਕੇਦਾਰ ਜਿੱਤ ਦਰਜ ਕਰਕੇ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੂੰ ਹਰਾਇਆ ਸੀ। ਕਾਂਗਰਸ ਦੀ ਕਾਰਗੁਜ਼ਾਰੀ ਇੰਨੀ ਮਾੜੀ ਰਹੀ ਕਿ 2017 ਵਿੱਚ 77 ਸੀਟਾਂ ਜਿੱਤਣ ਵਾਲੀ ਪਾਰਟੀ ਇਸ ਵਾਰ ਸਿਰਫ਼ 18 ਸੀਟਾਂ ਹੀ ਜਿੱਤ ਸਕੀ। ਇਸ ਹਾਰ ਤੋਂ ਬਾਅਦ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਅਸਤੀਫਾ ਦੇਣਾ ਪਿਆ ਹੈ। ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਦੀ ਨਿਯੁਕਤੀ ਵੀ ਨਹੀਂ ਕੀਤੀ ਗਈ ਹੈ।
ਰਵਨੀਤ ਸਿੰਘ ਬਿੱਟੂ ਨੂੰ ਕਾਂਗਰਸ ਆਗੂ ਰਾਹੁਲ ਗਾਂਧੀ ਦਾ ਕਰੀਬੀ ਮੰਨਿਆ ਜਾਂਦਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਉਹ ਪਾਰਟੀ ਤੋਂ ਨਾਰਾਜ਼ ਚੱਲ ਰਹੇ ਹਨ। ਦਰਅਸਲ ਬਿੱਟੂ ਚਾਹੁੰਦੇ ਸਨ ਕਿ ਉਨ੍ਹਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾਵੇ ਪਰ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ‘ਤੇ ਭਰੋਸਾ ਜਤਾਇਆ ਸੀ। ਬਿੱਟੂ ਨੂੰ ਚੰਨੀ, ਸਿੱਧੂ ਅਤੇ ਅਮਰਿੰਦਰ ਸਿੰਘ ਦਾ ਵਿਰੋਧੀ ਮੰਨਿਆ ਜਾਂਦਾ ਹੈ। ਭਾਵੇਂ ਬਿੱਟੂ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਅਟਕਲਾਂ ਨੂੰ ਸਿਰੇ ਤੋਂ ਖਾਰਜ ਕਰ ਰਹੇ ਹਨ, ਪਰ ਉਨ੍ਹਾਂ ਦੇ ਮੁੱਖ ਮੰਤਰੀ ਨਾ ਬਣਨ ਕਾਰਨ ਉਨ੍ਹਾਂ ਦਾ ਪੱਖ ਬਦਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.