ਖੰਨਾ: ਜ਼ਹਿਰੀਲੀ ਸ਼ਰਾਬ ਦੇ ਮੁੱਦੇ ‘ਤੇ ਅਕਾਲੀ ਦਲ ਵੱਲੋਂ ਅੱਜ ਖੰਨਾ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਅੱਜ ਦੇ ਧਰਨੇ ਦੀ ਅਗਵਾਈ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਵੱਲੋਂ ਕੀਤੀ ਗਈ। ਦੋਵੇਂ ਲੀਡਰਾਂ ਤੋਂ ਇਲਾਵਾ ਚਰਨਜੀਤ ਸਿੰਘ ਅਟਵਾਲ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਸ਼ਰਨਜੀਤ ਸਿੰਘ ਢਿੱਲੋਂ, ਹੀਰਾਂ ਸਿੰਘ ਗਾਬੜੀਆ ਵੀ ਪਹੁੰਚੇ।
ਅਕਾਲੀ ਦਲ ਲਗਾਤਾਰ ਪੰਜਾਬ ਸਰਕਾਰ ਨੂੰ ਜ਼ਹਿਰੀਲੀ ਸ਼ਰਾਬ ਦੇ ਮੁੱਦੇ ਤੇ ਘੇਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਵੀਰਵਾਰ ਨੂੰ ਅਕਾਲੀ ਦਲ ਵੱਲੋਂ ਘਨੌਰ ਹਲਕੇ ‘ਚ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਅਤੇ ਅੱਜ ਖੰਨਾ ਵਿਚ ਅਕਾਲ਼ੀ ਦਲ ਵੱਲੋਂ ਕੈਪਟਨ ਸਰਕਾਰ ਖ਼ਿਲਾਫ਼ ਹੱਲਾ ਬੋਲਿਆ ਗਿਆ।
ਅੱਜ ਦੇ ਧਰਨੇ ਵਿੱਚ ਜ਼ਹਿਰੀਲੀ ਸ਼ਰਾਬ ਤੋਂ ਇਲਾਵਾ ਕਾਂਗਰਸ ਦੇ ਚੋਣ ਵਾਅਦਿਆਂ ਦਾ ਵੀ ਜ਼ਿਕਰ ਕੀਤਾ ਗਿਆ। ਸੁਖਬੀਰ ਸਿੰਘ ਬਾਦਲ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਕੈਪਟਨ ਸਰਕਾਰ ਨੇ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ, ਕਿ ਨਸ਼ਾ ਖ਼ਤਮ ਕਰਾਂਗਾ ਪਰ ਹਾਲੀ ਤੱਕ ਨਸ਼ਾ ਖਤਮ ਨਹੀਂ ਹੋਇਆ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀਆਂ ਦੇ ਮਨਾਂ ਵਿੱਚ ਗੁਰੂ ਸਾਹਿਬ ਵੱਸੇ ਹੋਏ ਹਨ ਅਤੇ ਕਾਂਗਰਸੀਆਂ ਦੇ ਮਨਾਂ ਵਿੱਚ ਸ਼ਰਾਬ ਦੀਆਂ ਬੋਤਲਾਂ ਹਨ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਨੇ ਘਰ ਘਰ ਰੋਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ , ਪਰ ਹਾਲੇ ਤੱਕ ਇਕ ਵੀ ਨੌਜਵਾਨ ਨੂੰ ਨੌਕਰੀ ਨਹੀਂ ਦਿੱਤੀ।