ਚੰਡੀਗੜ੍ਹ (ਬਿੰਦੂ ਸਿੰਘ) : ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੇ ਚੰਡੀਗੜ੍ਹ ‘ਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੂਬਾ ਸਰਕਾਰ ਫੈਸਲੇ ਲੈਣ ‘ਚ ਨਕਾਮ ਹੈ ਤੇ ਇਤਿਹਾਸ ਆਪਣੇ-ਆਪ ਨੂੰ ਦੁਹਰਾ ਰਿਹਾ ਹੈ। ਇਕ ਵਾਰ ਫਿਰ ਦਿੱਲੀ ਵਿਚ ਬੈਠੀ ਕਾਂਗਰਸ ਦੀ ਹਾਈਕਮਾਂਡ 10 ਜਨਪਥ ਤੋਂ ਫੈਸਲਾ ਕਰੇਗੀ। ਮਜੀਠੀਆ ਨੇ ਕਿਹਾ ਕਿ ਹੁਣ ਸੋਨੀਆ ਤੇ ਰਾਹੁਲ ਗਾਂਧੀ ਪੰਜਾਬ ਦੇ ਮਾਮਲਿਆਂ ‘ਚ ਪੂਰਾ ਦਖਲ ਰੱਖ ਰਹੇ ਹਨ।
ਮਜੀਠੀਆ ਨੇ ਕਿਹਾ ਕਿ ਰਾਹੁਲ ਤੇ ਸੋਨੀਆ ਗਾਂਧੀ ਨੇ ਮੁੱਖ ਮੰਤਰੀ ਪੰਜਾਬ ਨੂੰ ਇਹ ਕਹਿ ਦਿੱਤਾ ਹੈ ਕਿ ਜੇ ਆਪਣੀ ਕੁਰਸੀ ਬਚਾਉਣੀ ਹੈ ਤੇ ਬਾਦਲਾਂ ਨੂੰ ਝੂਠਾ ਸੱਚਾ ਕਿਸੇ ਵੀ ਤਰਾਂ ਜੇਲ ‘ਚ ਬੰਦ ਕਰੋ । ਮਜੀਠੀਆ ਨੇ ਇਹ ਗੱਲ ਕੋਟਕਪੂਰਾ ਗੋਲੀਕਾਂਡ ਤੇ ਬਹਿਬਲ ਕਲਾਂ ਬੇਅਦਬੀ ਮਾਮਲਿਆਂ ਦੇ ਮੁੱਦਿਆਂ ਨੂੰ ਲੈ ਕੇ ਅਗਲੇ ਦਿਨਾਂ ‘ਚ ਸਿਆਸਤ ਤੇਜ਼ ਹੁਣ ਵੱਲ ਵੀ ਇਸ਼ਾਰਾ ਕੀਤਾ।
ਉਹਨਾਂ ਨੇ ਕਿਹਾ ਕਿ ਦੇਸ਼ ਦੇ ਬਾਕੀ ਸਾਰੇ ਸੂਬਿਆਂ ਵਿੱਚ ਕਾਂਗਰਸ ਦੀ ਹਾਲਤ ਬਿਲਕੁਲ ਖ਼ਰਾਬ ਹੈ ਇਸ ਲਈ ਪਾਰਟੀ ਆਪਣੀ ਸਰਕਾਰ ਨੂੰ ਬਚਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ।
ਮਜੀਠੀਆ ਨੇ ਕਿਹਾ ਕਿ ਕਾਂਗਰਸ ਪਾਰਟੀ ਇੰਦਰਾ ਗਾਂਧੀ ਦੀ ਰਾਹ ਤੇ ਚੱਲ ਰਹੀ ਹੈ ਜਿਸ ਵਿੱਚ ਗੁਰ ਸਿਖਾਂ, ਅਕਾਲ ਤਖਤ, ਐਸਜੀਪੀਸੀ ਤੇ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਮਜੀਠੀਆ ਨੇ ਕਿਹਾ ਕਿ ਕਾਂਗਰਸ ਦੇ ਲੀਡਰਾਂ ਨੇ ਪਹਿਲਾਂ ਕਈ ਵਾਰ ਕਿਹਾ ਹੈ ਕਿ ਉਨ੍ਹਾਂ ਨੇ ਲਗਭਗ 84 ਫ਼ੀਸਦ ਚੋਣ ਵਾਅਦੇ ਪੂਰੇ ਕੀਤੇ ਹਨ ਪਰ ਹੁਣ ਦਿੱਲੀ ਜਾ ਕੇ ਓਹੀ ਲੀਡਰ ਰਾਹੁਲ ਤੇ ਸੋਨੀਆ ਦੀ ਬਣਾਈ ਹੋਈ ਕਮੇਟੀ ਦੇ ਸਾਹਮਣੇ ਕਹਿ ਕੇ ਆਏ ਹਨ ਕਿ ਚੋਣ ਵਾਅਦੇ ਪੂਰੇ ਨਹੀਂ ਹੋਏ ਇਸ ਕਰਕੇ ਚੋਣਾਂ ਦੌਰਾਨ ਲੋਕਾਂ ਵਿਚ ਜਾ ਕੇ ਉਹਨਾਂ ਨੂੰ ਜਵਾਬ ਦੇਣਾ ਔਖਾ ਹੋ ਜਾਵੇਗਾ। ਮਜੀਠੀਆ ਨੇ ਕਿਹਾ ਕਿ ਜਿਹੜਾ ਕੰਮ ਪਹਿਲੇ ਵਿਰੋਧੀ ਧਿਰ ਕਰ ਰਹੀ ਸੀ ਉਹ ਕੰਮ ਅੱਜ ਦਿੱਲੀ ਜਾ ਕੇ ਕਾਂਗਰਸ ਪਾਰਟੀ ਦੇ ਵਿਧਾਇਕ ਅਤੇ ਸਰਕਰ ਦੇ ਵਜ਼ੀਰ ਕਰ ਰਹੇ ਹਨ ਤੇ ਕਹਿ ਰਹੇ ਹਨ ਕਿ ਪਿਛਲੇ ਚਾਰ ਸਾਲਾਂ ਵਿਚ ਚੋਣ ਵਾਅਦੇ ਪੂਰੇ ਨਹੀਂ ਕੀਤੇ ਜਾ ਸਕੇ ਹਨ।
ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਸਿਰਫ ਆਪਣੇ ਹੀ ਵਿਧਾਇਕਾਂ ਦੇ ਰਿਸ਼ਤੇਦਾਰਾਂ ਨੂੰ ਨੌਕਰੀਆਂ ਦਿੱਤੀਆਂ ਹਨ ਤੇ ਘਰ ਘਰ ਨੌਕਰੀ , ਮੁਲਾਜ਼ਮਾਂ ਦੇ ਮੁੱਦੇ , ਕਿਸਾਨਾਂ ਦੀ ਕਰਜ਼ਮਾਫ਼ੀ ਦਾ ਮੁੱਦਾ ਓਵੇਂ ਹੀ ਬਰਕਰਾਰ ਹਨ।
ਉਨ੍ਹਾਂ ਨੇ ਕਿਹਾ ਕਿ ਐਸਆਈਟੀ ਤਿੰਨ ਮੈਂਬਰਾਂ ਦੀ ਬਣੀ ਹੈ ਜਿਸ ਵਿਚ ਪੁਲਿਸ ਅਫਸਰ ਆਉਂਦੇ ਹਨ ਪਰ ਉਨ੍ਹਾਂ ਦੇ ਵਿੱਚ ਇਕ ਹੋਰ ਮੈਂਬਰ ਜੋ ਪ੍ਰਕਾਸ਼ ਸਿੰਘ ਬਾਦਲ ਦੀ ਪੁੱਛਗਿੱਛ ਲਈ ਟੀਮ ਦੇ ਵਿੱਚ ਆਇਆ। ਉਨ੍ਹਾਂ ਕਿਹਾ ਕਿ ਪੁੱਛਗਿੱਛ ਕਰਨੀ ਪੁਲਿਸ ਦਾ ਕੰਮ ਹੈ ਪਰ ਉਥੇ ਇਕ ਰਿਟਾਇਰਡ ਅਫਸਰ ਵਿਜੈ ਸਿੰਗਲਾ ਦਾ ਆਉਣਾ, ਇਹ ਗੱਲ ਸਮਝ ਤੋਂ ਪਰੇ ਹੈ ।
ਮਜੀਠੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਇਕ ਵਾਰ ਨਹੀਂ ਅਨੇਕਾਂ ਵਾਰ ਜੇਲ੍ਹਾਂ ਚ ਡੱਕੇ ਗਏ ਹਨ ਪਰ ਬਾਵਜੂਦ ਇਸਦੇ ਅਖੀਰ ਚ ਸੱਚ ਦੀ ਹੀ ਜਿੱਤ ਹੋਵੇਗੀ ਉਨ੍ਹਾਂ ਕਿਹਾ ਕਿ ਸਾਨੂੰ ਅਦਾਲਤਾਂ ਤੇ ਪੂਰਾ ਵਿਸ਼ਵਾਸ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਿਟ ਮੁੱਖੀ ਯਾਦਵ ਦੇ ਬਾਰੇ ਵਿੱਚ ਅਜੇ ਉਹ ਕੋਈ ਵੀ ਟਿੱਪਣੀ ਨਹੀਂ ਕਰਨਾ ਚਾਹੁੰਦੇ ਪਰ ਫਿਰ ਵੀ ਉਹਨਾਂ ਦੀ ਚੋਣ ਸ਼ੱਕ ਦੇ ਘੇਰੇ ਚ ਜ਼ਰੂਰ ਆਉਂਦੀ ਹੈ ਕਿਉਂਕਿ ਉਹ ਸਭ ਤੋਂ ਜੂਨੀਅਰ ਏਡੀਜੀਪੀ ਹਨ। ਰਾਤੋ ਰਾਤ ਯਾਦਵ ਨੂੰ ਆਈ ਜੀ ਦੇ ਅਹੁਦੇ ਤੋਂ ਤਰੱਕੀ ਦਿੱਤੀ ਗਈ ।
ਮਜੀਠੀਆ ਨੇ ਕਿਹਾ ਕਿ ਜਿੱਥੋਂ ਤੱਕ ਨਾਰਕੋ ਟੈਸਟ ਕਰਵਾਉਣ ਦੀ ਗੱਲ ਹੈ ਤੇ ਸਾਰੇ ਐਸ ਆਈ ਟੀ ਦੇ ਮੈਂਬਰਾਂ , ਵਜ਼ੀਰਾਂ , ਮੁੱਖ ਮੰਤਰੀ ਤੇ ਫ਼ੇਰ ਅਕਾਲੀ ਦਲ ਦੇ ਆਗੂਆਂ ਦਾ ਨਾਰਕੋ ਟੈਸਟ ਵੀ ਕਰਵਾ ਲੈਣ, ਇਸ ਨਾਲ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਆਪਣੇ ਆਪ ਹੋ ਜਾਵੇਗਾ।
ਜਦੋਂ ਪੱਤਰਕਾਰਾਂ ਨੇ ਮਜੀਠੀਆ ਨੂੰ ਪੁੱਛਿਆ ਕਿ ਸੁਖਬੀਰ ਬਾਦਲ ਨੂੰ 26 ਤਰੀਕ ਐਸ ਆਈ ਟੀ ਨੇ ਤਲਬ ਕੀਤਾ ਹੈ, ਕੀ ਉਹ ਜਾਂਚ ਏਜ਼ੰਸੀ ਸਾਹਮਣੇ ਪੇਸ਼ ਹੋਣ ਜਾਣਗੇ ? ਇਸ ਦੇ ਜਵਾਬ ਵਿੱਚ ਮਜੀਠੀਆ ਨੇ ਕਿਹਾ ਕਿ ਸੁਖਬੀਰ ਸੌ ਫੀਸਦੀ ਪੇਸ਼ ਹੋਣਗੇ।